ਕੈਪਟਨ ਤੋਂ ਬਾਅਦ ਹੁਣ ਸਿੱਖਿਆ, ਵਿੱਤ ਤੇ ਜੇਲ੍ਹ ਮੰਤਰੀ ਨੇ ਅਲਾਪਿਆ ਇਤਿਹਾਸ ਨਾਲ ਛੇੜਛਾੜ ਨਾ ਹੋਣ ਦਾ ਰਾਗ
ਏਬੀਪੀ ਸਾਂਝਾ | 03 May 2018 04:08 PM (IST)
ਚੰਡੀਗੜ੍ਹ: ਮੁੱਖ ਮੰਤਰੀ ਦੇ ਬਾਰ੍ਹਵੀਂ ਜਮਾਤ ਦੇ ਇਤਿਹਾਸ ਦਾ ਪਾਠਕ੍ਰਮ ਤਬਦੀਲ ਨਾ ਕੀਤੇ ਜਾਣ ਵਾਲੇ ਬਿਆਨ ਦੇ ਹੱਕ ਵਿੱਚ ਹੁਣ ਵਿੱਤ ਮੰਤਰੀ ਮਨਪ੍ਰੀਤ ਬਾਦਲ, ਸਿੱਖਿਆ ਮੰਤਰੀ ਓਪੀ ਸੋਨੀ ਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨਿੱਤਰ ਆਏ ਹਨ। ਤਿੰਨੇ ਵਜ਼ੀਰਾਂ ਨੇ ਚੰਡੀਗੜ੍ਹ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਿਛਲੀ ਸਰਕਾਰ ਸਮੇਂ ਸਿੱਖਿਆ ਮੰਤਰੀ ਦੇ ਕਿਤਾਬ ਮਸਲੇ ਦੀ ਜਾਂਚ ਕਰਵਾਉਣ ਦੀ ਗੱਲ ਵੀ ਕਹੀ। ਕੀ ਕਿਹਾ ਵਿੱਤ ਮੰਤਰੀ ਨੇ- ਮਨਪ੍ਰੀਤ ਬਾਦਲ ਨੇ ਕਿਹਾ ਕਿ ਪੰਜਾਬ ਤੇ ਸਿੱਖ ਇਤਿਹਾਸ ਨਾਲ ਕੋਈ ਛੇੜਛਾੜ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਬਾਰ੍ਹਵੀਂ ਸਮਾਤ ਵਾਲਾ ਸਿਲੇਬਸ 11ਵੀਂ ਜਮਾਤ ਵਿੱਚ ਪਾਇਆ ਗਿਆ ਹੈ। ਉਨ੍ਹਾਂ ਵੀ ਕੈਪਟਨ ਅਮਰਿੰਦਰ ਸਿੰਘ ਵਾਲੀ ਗੱਲ ਦੁਹਰਾਉਂਦਿਆਂ ਕਿਹਾ ਕਿ ਕੁਝ ਵੀ ਕੱਟਿਆ ਨਹੀਂ ਹੈ ਸਗੋਂ ਹੋਰ ਪਾਇਆ ਗਿਆ। ਵਿਵਾਦ ਦਾ ਨੱਕਾ ਕਿਤਾਬ ਮਾਫੀਆ ਵੱਲ ਮੋੜਿਆ- ਰੇਤ ਮਾਫੀਆ, ਭੌਂ ਮਾਫੀਆ ਜਿਹੇ ਮਸ਼ਹੂਰ ਮਾਫੀਆ ਤੋਂ ਬਾਅਦ ਵਿੱਤ ਮੰਤਰੀ ਨੇ ਪੰਜਾਬ ਵਿੱਚ ਨਵੇਂ ਮਾਫੀਆ ਦੇ ਪੈਦਾ ਹੋ ਜਾਣ ਬਾਰੇ ਖੁਲਾਸਾ ਕੀਤਾ ਹੈ। ਮਨਪ੍ਰੀਤ ਬਾਦਲ ਨੇ ਕਿਹਾ ਕਿ ਕਿਤਾਬ ਮਾਫੀਆ ਆਪਣੀਆਂ ਕਿਤਾਬਾਂ ਵੇਚਣ ਲਈ ਇਹ ਮੁੱਦਾ ਬਣਾ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕਾਂਗਰਸ RSS ਦੇ ਖ਼ਿਲਾਫ਼ ਹੈ ਤੇ ਅਸੀਂ RSS ਦਾ ਏਜੰਡਾ ਪੰਜਾਬ ਵਿੱਚ ਕਿਵੇਂ ਚਲਾ ਸਕਦਾ ਹਾਂ। ਜੇਲ੍ਹ ਮੰਤਰੀ ਦਾ ਪੱਖ- ਸੁਖਜਿੰਦਰ ਰੰਧਾਵਾ ਨੇ ਮੁੱਦੇ ਨੂੰ ਹੋਰ ਦ੍ਰਿਸ਼ਟੀਕੋਣ ਦਿੰਦਿਆਂ ਕਿਹਾ ਕਿ ਬਾਦਲਾਂ ਨੇ ਪੰਜਾਬ ਤੇ ਸਿੱਖੀ ਨੂੰ ਬਰਬਾਦ ਕੀਤਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਸਵੇਰੇ 'ਏਬੀਪੀ ਸਾਂਝਾ' ਨੂੰ ਸੁਖਬੀਰ ਬਾਦਲ ਦੇ ਪਤਿਤ ਹੋਣ ਬਾਰੇ ਇੱਕ ਵਾਰ ਫਿਰ ਕਿਹਾ। ਉਨ੍ਹਾਂ ਕਿਹਾ ਕਿ ਪੰਜਾਬ 'ਚ ਪ੍ਰਾਈਵੇਟ ਪਬਲਿਸ਼ਰਜ਼ ਦੀਆਂ ਸਾਰੀਆਂ ਕਿਤਾਬਾਂ 'ਤੇ ਪਾਬੰਦੀ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਹੀ ਕਿਤਾਬਾਂ ਛਾਪਿਆ ਕਰੇਗਾ। ਸਿੱਖਿਆ ਮੰਤਰੀ ਦਾ ਸਟੈਂਡ- ਸਕੂਲ ਸਿੱਖਿਆ ਮੰਤਰੀ ਓ.ਪੀ. ਸੋਨੀ ਨੇ ਕਿਹਾ ਕਿ ਸਾਬਕਾ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਸਮੇਂ ਹੋਏ ਕਿਤਾਬ ਮਾਮਲੇ ਦੀ ਜਾਂਚ ਕਰਵਾਉਣ ਦੀ ਗੱਲ ਕਹੀ। ਜੇਲ੍ਹ ਤੇ ਸਹਿਕਾਰਤਾ ਮੰਤਰੀ ਸੁਖਜਿੰਦਰ ਰੰਧਾਵਾ ਨੇ ਵੀ ਇਸ ਬਾਰੇ ਐਲਾਨ ਕੀਤਾ ਸੀ। ਇਸ ਤੋਂ ਪਹਿਲਾਂ ਓਪੀ ਸੋਨੀ ਨੇ 29 ਅਪ੍ਰੈਲ ਨੂੰ ਮਸਲੇ ਤੋਂ ਅਣਜਾਣ ਹੋਣ ਦੀ ਗੱਲ ਕਰਦਿਆਂ ਕਿਹਾ ਸੀ ਕਿ ਸਿਲੇਬਸ ਵਿੱਚ ਹੋਈ ਇਸ ਤਬਦੀਲੀ ਨੂੰ ਛੇਤੀ ਹੀ ਦਰੁਸਤ ਕਰ ਲਿਆ ਜਾਵੇਗਾ ਕਿਉਂਕਿ ਗੁਰੂ ਸਾਹਿਬਾਨ ਤੇ ਮਹਾਰਾਜਾ ਰਣਜੀਤ ਸਿੰਘ ਨਾਲ ਸਬੰਧਤ ਸਾਡਾ ਅਮੀਰ ਇਤਿਹਾਸ ਹੈ।