ਜਲੰਧਰ: ਇੱਕ ਨਿੱਜੀ ਟੀਵੀ ਚੈਨਲ ‘ਤੇ ਪ੍ਰਸਾਰਿਤ ਟੀਵੀ ਸੀਰੀਅਲ ‘ਰਾਮ-ਸੀਆ ਕੇ ਲੱਵ-ਕੁਸ਼’ ‘ਚ ਭਗਵਾਨ ਬਾਲਮੀਕ ਦੀ ਜੀਵਨੀ ਨੂੰ ਤੋੜ-ਮਰੋੜ ਕੇ ਪ੍ਰਸਾਰਿਤ ਕਰਨ ਦੇ ਵਿਰੋਧ ‘ਚ ਸੱਤ ਸਤੰਬਰ ਨੂੰ ਪੰਜਾਬ ਬੰਦ ਦਾ ਐਲਾਨ ਕੀਤਾ ਗਿਆ ਹੈ। ਪੰਜਾਬ ਬੰਦ ਦੇ ਚਲਦਿਆਂ ਜਲੰਧਰ, ਬਰਨਾਲਾ, ਅੰਮ੍ਰਿਤਸਰ, ਗੁਰਦਾਸਪੁਰ ਅਤੇ ਫ਼ਿਰੋਜ਼ਪੁਰ ‘ਚ ਬੰਦ ਕਰਕੇ ਬਾਜ਼ਾਰਾਂ ‘ਚ ਸੰਨਾਟਾ ਛਾਇਆ ਹੋਇਆ ਹੈ।
ਜ਼ਿਲ੍ਹਿਆਂ ‘ਚ ਪੁਲਿਸ ਅਤੇ ਪ੍ਰਸਾਸ਼ਨ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਕਿਸੇ ਵੀ ਅਣਸੁਖਾਵੀ ਘਟਨਾ ਨੂੰ ਰੋਕਿਆ ਜਾ ਸਕੇ। ਕਈ ਜ਼ਿਲ੍ਹਿਆਂ ਦੇ ਡੀਸੀ ਨੇ ਕੇਬਲ ਆਪ੍ਰੇਟਰਾਂ ਨੂੰ ਕਰੀਬ ਇੱਕ ਮਹੀਨੇ ਲਈ ਇਸ ਸੀਰੀਅਲ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਹਨ। ਉਧਰ ਜਲੰਧਰ ਦੇ ਡੀਸੀ ਵਰਿੰਦਰ ਸ਼ਰਮਾ ਨੇ ਬੰਦ ਦੌਰਾਨ ਸੁਰੱਖਿਆ ਦੇ ਪੂਰੇ ਇੰਤਜ਼ਾਮ ਕਰਨ ਦਾ ਦਾਅਵਾ ਕੀਤਾ ਹੈ।
ਇਸ ਦੌਰਾਨ ਸੂਬੇ ‘ਚ ਜਿਨ੍ਹਾਂ ਥਾਂਵਾਂ ‘ਤੇ ਬੰਦ ਦਾ ਜ਼ਿਆਦਾ ਅਸਰ ਹੈ ਉੱਥੇ ਸਕੂਲ, ਕਾਲਜ, ਏਟੀਐਮ, ਆਵਾਜਾਈ ਦੀ ਸੇਵਾਵਾਂ ਨੂੰ ਬੰਦ ਰੱਖਣ ਲਈ ਕਿਹਾ ਗਿਆ ਹੈ। ਇਸ ਦੌਰਾਨ ਪੰਜਾਬ ਰੋਡਵੇਜ਼ ਦੀ ਸੇਵਾ ਵੀ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ। ਸੁਰੱਖਿਆ ਨੂੰ ਵੇਖਦੇ ਹੋਏ ਏਟੀਐਮ ਸ਼ੁੱਕਰਵਾਰ ਰਾਤ ਤੋਂ ਸ਼ਨੀਵਾਰ ਤਕ ਬੰਦ ਰੱਖੇ ਜਾਣਗੇ।
ਇਸ ਦੇ ਨਾਲ ਪੁਲਿਸ ਕਮਿਸ਼ਨ ਨੇ ਕਿਹਾ ਕਿ ਪੀਏਪੀ ਦੇ ਮੁਲਾਜ਼ਮ ਅਤੇ ਪੰਜਾਬ ਪੁਲਿਸ ਦੇ ਜਵਾਨ ਡੌਗ ਸਕਵਾਡ ਅਤੇ ਦੰਗਾ ਰੋਧੀ ਦਸਤੇ ਦੇ ਨਾਲ ਸ਼ਹਿਰ ‘ਚ ਤਾਇਨਾਤ ਕਰ ਦਿੱਤੇ ਹਏ ਹਨ। ਉਨ੍ਹਾਂ ਕਿਹਾ ਕਿ ਉਹ ਖੁਦ ਪੂਰੇ ਸ਼ਹਿਰ ਦੀ ਨਿਗਰਾਨੀ ਕਰਨਗੇ। ਬੰਦ ਦੇ ਦੌਰਾਨ ਸੀਸੀਟੀਵੀ ਕੈਮਰਿਆਂ ਵਾਲੀ ਬੈਨ ਵੀ ਘੁੰਮੇਗੀ ਤਾਂ ਜੋ ਕੀਤੇ ਕੋਈ ਗੜਬੜੀ ਨਾ ਹੋਵੇ।
ਟੀਵੀ ਸੀਰੀਅਲ ਬੰਦ ਦੀ ਮੰਗ ਕਰ ਰਹੇ ਸਮਾਜ ਦਾ ਕਹਿਣਾ ਹੈ ਕਿ ਇਸ ਸੀਰੀਅਲ ਨਾਲ ਉਨ੍ਹਾਂ ਦੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚ ਰਹੀ ਹੈ ਜਿਸ ਕਰਕੇ ਲੋਕਾਂ ‘ਚ ਗੁੱਸਾ ਹੈ।