ਸਰਕਾਰੀ ਹੁਕਮਾਂ ਦੇ ਬਾਵਜੂਦ ਚੱਲ਼ ਰਹੀਆਂ ਬਗੈਰ ਯੰਤਰ ਵਾਲੀਆਂ ਕੰਬਾਈਨਾਂ
ਏਬੀਪੀ ਸਾਂਝਾ | 05 Oct 2018 04:49 PM (IST)
ਚੰਡੀਗੜ੍ਹ: ਸਰਕਾਰ ਨੇ ਝੋਨੇ ਦੀ ਕਟਾਈ ਲਈ ਐਸਐਮਐਸ (ਪਰਾਲ਼ੀ ਦਾ ਕੁਤਰਾ ਕਰਨ ਵਾਲਾ ਯੰਤਰ) ਲੱਗੀਆਂ ਕੰਬਾਈਨਾਂ ਦੇ ਇਸਤੇਮਾਲ ਦੇ ਹੁਕਮ ਜਾਰੀ ਕੀਤੇ ਸਨ। ਕੁਝ ਕੰਬਾਈਨ ਮਾਲਕ ਬਿਨ੍ਹਾਂ ਐਸਐਮਐਸ ਦੇ ਘੱਟ ਕੀਮਤਾਂ ਲੈ ਕੇ ਵਾਢੀ ਕਰ ਰਹੇ ਹਨ। ਨਵਾਂਸ਼ਹਿਰ ਕੰਬਾਈਨ ਯੂਨੀਅਨ ਦੇ ਕੰਬਾਈਨ ਮਾਲਕਾਂ ਨੇ ਇਸ ਮਾਮਲੇ ਪ੍ਰਤੀ ਵਿਰੋਧ ਜਤਾਇਆ ਹੈ। ਯੂਨੀਅਮ ਨੇ ਖੇਤੀਬਾੜੀ ਅਫ਼ਸਰ ਨਾਲ ਮੁਲਾਕਾਤ ਕਰਕੇ ਬਿਨ੍ਹਾਂ ਐਸਐਮਐਸ ਲੱਗੀਆਂ ਕੰਬਾਈਨ ਮਾਲਕਾਂ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਯੂਨੀਅਨ ਨੇ ਕਿਹਾ ਕਿ ਉਨ੍ਹਾਂ ਜ਼ਿਆਦਾ ਪੈਸੇ ਖਰਚ ਕੇ ਕੰਬਾਈਨਾਂ ’ਤੇ ਐਸਐਮਐਸ ਲਾਏ ਪਰ ਕੁਝ ਕੰਬਾਈਨਾਂ ਵਾਲੇ ਬਿਨ੍ਹਾਂ ਐਸਐਮਐਸ ਘੱਟ ਕੀਮਤ ’ਤੇ ਵਾਢੀ ਕਰਕੇ ਉਨ੍ਹਾਂ ਦੀ ਕਮਾਈ ’ਤੇ ਠੁੱਢ ਮਾਰ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਸ ਪ੍ਰਤੀ ਸਖ਼ਤ ਰੁਖ਼ ਅਪਨਾਉਣ ਦੀ ਲੋੜ ਹੈ। ਸਰਕਾਰ ਵੱਲ ਐਸਐਮਐਸ ਦੀ ਸਬਸਿਡੀ ਬਕਾਇਆ ਜ਼ਿਕਰਯੋਗ ਹੈ ਕਿ ਸਰਕਾਰ ਐਸਐਮਐਸ ਲਾਉਣ ਲਈ ਕੰਬਾਈਨ ਮਾਲਕਾਂ ਨੂੰ 50 ਫੀਸਦੀ ਸਬਸਿਡੀ ਵੀ ਦੇ ਰਹੀ ਪਰ ਕਿਸਾਨਾਂ ਨੂੰ ਇਹ ਉਪਕਰਣ ਲਵਾਉਣ ਬਾਅਦ ਅਜੇ ਤਕ ਸਬਸਿਡੀ ਦੀ ਰਕਮ ਨਹੀਂ ਮੋੜੀ ਗਈ। ਦੂਜੇ ਪਾਸੇ ਸਰਕਾਰ ਵੱਲੋਂ ਮਹਿੰਗਾਈ ਦੀ ਮਾਰ ਵੀ ਲੋਕਾਂ ਦਾ ਲੱਕ ਤੋੜ ਰਹੀ ਹੈ। ਯੂਨੀਅਨ ਨੇ ਕਿਹਾ ਕਿ ਜੇ ਸਰਕਾਰ ਨੇ ਇਸ ਉੱਪਰ ਧਿਆਨ ਨਾ ਦਿੱਤਾ ਤਾਂ ਕਿਸਾਨ ਤੇ ਕੰਬਾਈਨ ਮਾਲਕ ਖ਼ੁਦਕੁਸ਼ੀਆਂ ਦੇ ਰਾਹ ਪੈ ਜਾਣਗੇ। ਖੇਤੀਬਾੜੀ ਅਫ਼ਸਰ ਨੇ ਕੀ ਕਿਹਾ? ਇਸ ਸਬੰਧੀ ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਬਖ਼ਸ਼ ਸਿੰਘ ਨੇ ਹਦਾਇਤ ਕੀਤੀ ਕਿ ਨਿਯਮਾਂ ਦਾ ਉਲੰਘਣ ਕਰਨ ਵਾਲੇ ਕੰਬਾਈਨ ਮਾਲਕਾਂ ’ਤੇ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਤੇ ਖੇਤੀਬਾੜੀ ਵਿਭਾਗ ਵੱਲੋਂ ਬਿਨ੍ਹਾਂ ਐਸਐਮਐਸ ਵਾਲੀਆਂ ਕੰਬਾਈਨਾਂ ਵੀ ਜ਼ਬਤ ਕਰ ਲਈਆਂ ਜਾਣਗੀਆਂ।