ਬਲਬੀਰ ਸਿੰਘ ਸੀਨੀਅਰ ਦਾ ਹਾਲ ਜਾਣਨ ਪੀਜੀਆਈ ਪਹੁੰਚੇ ਖੇਡ ਮੰਤਰੀ
ਏਬੀਪੀ ਸਾਂਝਾ | 05 Oct 2018 02:33 PM (IST)
ਚੰਡੀਗੜ੍ਹ: ਤਿੰਨ ਵਾਰ ਓਲੰਪਿਕ ਸੋਨ ਤਗ਼ਮਾ ਜੇਤੂ ਹਾਕੀ ਦੇ ਮੰਨੇ-ਪ੍ਰਮੰਨੇ ਖਿਡਾਰੀ ਬਲਬੀਰ ਸਿੰਘ ਸੀਨੀਅਰ ਦਾ ਹਾਲ ਜਾਣਨ ਲਈ ਖੇਡ ਮੰਤਰੀ ਰਾਣਾ ਸੋਢੀ ਪੀਜੀਆਈ ਪੁੱਜੇ। ਉਨ੍ਹਾਂ ਨੂੰ ਬੁੱਧਵਾਰ ਸਿਹਤ ਖ਼ਰਾਬ ਹੋਣ ਕਾਰਨ ਹਸਪਤਾਲ ਦਾਖ਼ਲ ਕਰਵਾਉਣਾ ਪਿਆ ਸੀ। ਉਨ੍ਹਾਂ ਨੂੰ ਸਾਹ ਲੈਣ ਵਿੱਚ ਦਿੱਕਤ ਆ ਰਹੀ ਸੀ। ਇਸ ਸਮੇਂ ਉਹ ਪੀਜੀਆਈ ਵਿੱਚ ਇਲਾਜ ਅਧੀਨ ਹਨ। ਅੱਜ ਉਨ੍ਹਾਂ ਹਾਲ ਜਾਣਨ ਹਸਪਤਾਲ ਪਹੁੰਚੇ ਖੇਡ ਮੰਤਰੀ ਨੇ ਮੁੱਖ ਮੰਤਰੀ ਵੱਲੋਂ ਪਰਿਵਾਰ ਨੂੰ ਹਰ ਤਰ੍ਹਾਂ ਦੀ ਮੱਦਦ ਦਾ ਭਰੋਸਾ ਦਿੱਤਾ ਹੈ। ਇਸ ਮੌਕੇ ਹਾਕੀ ਓਲੰਪੀਅਨ ਬਲਦੇਵ ਸਿੰਘ ਤੇ ਅਜੀਤ ਸਿੰਘ ਨੇ ਵੀ ਉਨ੍ਹਾਂ ਦਾ ਹਾਲ ਪੁੱਛਿਆ। ਬਲਬੀਰ ਸਿੰਘ ਸੀਨੀਅਰ ਦਾ ਇਲਾਜ ਕਰਨ ਵਾਲੇ ਡਾਕਟਰ ਮੁਤਾਬਕ ਉਨ੍ਹਾਂ ਦੇ ਫੇਫੜਿਆਂ ਵਿੱਚ ਵਿਸ਼ੇਸ਼ ਨਾਲ਼ਾਂ ਰਾਹੀਂ ਸਾਹ ਲੈਣ ਵਿੱਚ ਮਦਦ ਕੀਤੀ ਜਾ ਰਹੀ ਹੈ। ਉਨ੍ਹਾਂ ਨੂੰ ਬੁੱਧਵਾਰ ਦੇਰ ਸ਼ਾਮ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ। ਡਾਕਟਰਾਂ ਮੁਤਾਬਕ ਉਦੋਂ ਤੋਂ ਲੈ ਕੇ ਹੁਣ ਤਕ ਉਨ੍ਹਾਂ ਦੀ ਹਾਲਤ ਵਿੱਚ ਕੁਝ ਸੁਧਾਰ ਆਇਆ ਹੈ। ਓਲੰਪਿਕ ਦੇ ਫਾਈਨਲ ਮੈਚਾਂ ਵਿੱਚ ਕੀਤੇ ਬਲਬੀਰ ਸਿੰਘ ਸੀਨੀਅਰ ਵੱਲੋਂ ਕੀਤੇ ਸਭ ਤੋਂ ਵੱਧ ਗੋਲਾਂ ਦਾ ਰਿਕਾਰਡ ਹਾਲੇ ਤਕ ਵੀ ਬਰਕਰਾਰ ਹੈ। ਸਨ 1952 'ਚ ਹਲਸਿੰਕੀ ਵਿੱਚ ਹੋਈਆਂ ਓਲੰਪਿਕ ਖੇਡਾਂ ਦੇ ਫੈਸਲਾਕੁਨ ਮੁਕਾਬਲੇ ਦੌਰਾਨ ਭਾਰਤ ਨੇ ਨੀਦਰਲੈਂਡ ਨੂੰ 6-1 ਨਾਲ ਹਰਾਇਆ ਸੀ, ਇਨ੍ਹਾਂ ਵਿੱਚੋਂ ਪੰਜ ਗੋਲ ਬਲਬੀਰ ਸਿੰਘ ਸੀਨੀਅਰ ਦੇ ਸਨ। ਹਾਕੀ ਵਿੱਚ ਬੇਮਿਸਾਲ ਪ੍ਰਦਰਸ਼ਨ ਲਈ ਉਨ੍ਹਾਂ ਨੂੰ ਸੰਨ 1957 ਵਿੱਚ ਪਦਮ ਸ੍ਰੀ ਨਾਲ ਨਿਵਾਜਿਆ ਗਿਆ ਸੀ। ਉਹ ਸੰਨ 1975 ਵਿੱਚ ਭਾਰਤ ਦੀ ਵਿਸ਼ਵ ਕੱਪ ਜੇਤੂ ਟੀਮ ਦੇ ਪ੍ਰਬੰਧਕ ਵੀ ਰਹੇ ਹਨ ਅਤੇ ਸਾਲ 2012 ਵਿੱਚ ਕੌਮਾਂਤਰੀ ਓਲੰਪਿਕ ਕਮੇਟੀ ਦੇ ਇਕਲੌਤੇ ਭਾਰਤੀ ਮੈਂਬਰ ਵੀ ਰਹੇ ਹਨ।