ਚੰਡੀਗੜ੍ਹ: ਲੋਕ ਸਭਾ ਚੋਣਾਂ 2019 ਦੇ ਆਖਰੀ ਗੇੜ ਲਈ ਚੋਣ ਪ੍ਰਚਾਰ ਅੱਜ ਯਾਨੀ 17 ਮਈ ਦੀ ਸ਼ਾਮ ਨੂੰ ਥੰਮ੍ਹ ਗਿਆ ਹੈ। ਪੰਜਾਬ ਵਿੱਚ ਅੱਜ ਚੋਣ ਪ੍ਰਚਾਰ ਦਾ ਆਖਰੀ ਦਿਨ ਕਾਫੀ ਉਤਸ਼ਾਹ ਵਾਲਾ ਰਿਹਾ ਅਤੇ ਉਮੀਦਵਾਰਾਂ ਦੇ ਨਾਲ-ਨਾਲ ਸਿਆਸੀ ਲੀਡਰਾਂ ਨੇ ਆਪੋ ਆਪਣੀ ਪਾਰਟੀ ਤੇ ਉਮੀਦਵਾਰ ਨੂੰ ਜਿਤਾਉਣ ਆਪਣੀ ਪੂਰੀ ਵਾਹ ਲਾ ਦਿੱਤੀ।

ਬਠਿੰਡਾ ਤੋਂ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਲਈ ਕੈਬਨਿਟ ਮੰਤਰੀ ਅਤੇ ਕਾਂਗਰਸ ਦੇ ਸਟਾਰ ਪ੍ਰਚਾਰਕ ਨਵਜੋਤ ਸਿੱਧੂ ਬਠਿੰਡਾ ਪੁੱਜੇ। ਬਠਿੰਡਾ ਤੋਂ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਬਾਦਲ ਅਤੇ ਫ਼ਿਰੋਜ਼ਪੁਰ ਤੋਂ ਸੁਖਬੀਰ ਸਿੰਘ ਬਾਦਲ ਨੇ ਆਪੋ-ਆਪਣੇ ਹਲਕੇ ਵਿੱਚ ਚੋਣ ਪ੍ਰਚਾਰ ਕੀਤਾ।

ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪਟਿਆਲਾ 'ਚ ਪਾਰਟੀ ਦੀ ਉਮੀਦਵਾਰ ਨੀਨਾ ਮਿੱਤਲ ਦੇ ਹੱਕ ਵਿੱਚ ਰੋਡ ਸ਼ੋਅ ਕੀਤਾ ਤੇ ਵਾਪਸ ਦਿੱਲੀ ਪਰਤ ਗਏ। ਅੰਮ੍ਰਿਤਸਰ ਤੋਂ ਕਾਂਗਰਸੀ ਉਮੀਦਵਾਰ ਗੁਰਜੀਤ ਔਜਲਾ ਦੇ ਰੋਡ ਸ਼ੋਅ 'ਚ ਸਮਰਥਕ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ। ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਉਮੀਦਵਾਰ ਬੀਰ ਦਵਿੰਦਰ ਸਿੰਘ ਨੇ ਵੀ ਮੁਹਾਲੀ ਤੋਂ ਲੈ ਕੇ ਅਨੰਦਪੁਰ ਸਾਹਿਬ ਤਕ ਵੱਡਾ ਰੋਡ ਸ਼ੋਅ ਕੀਤਾ ਤੇ ਵੋਟਾਂ ਮੰਗੀਆਂ।

ਸ਼ੁੱਕਰਵਾਰ ਨੂੰ ਸ਼ਾਮ 5 ਵਜੇ ਚੋਣ ਪ੍ਰਚਾਰ ਖ਼ਤਮ ਹੋ ਗਿਆ ਅਤੇ ਐਤਵਾਰ ਨੂੰ ਅੱਠ ਸੂਬਿਆਂ ਦੀਆਂ 59 ਸੀਟਾਂ 'ਤੇ ਵੋਟਾਂ ਪੈਣਗੀਆਂ। 19 ਮਈ ਨੂੰ ਪੰਜਾਬ ਦੀਆਂ 13 ਸੀਟਾਂ 'ਤੇ ਵੀ ਮੱਤਦਾਨ ਹੋਵੇਗਾ ਅਤੇ 23 ਮਈ ਨੂੰ ਪੂਰੇ ਦੇਸ਼ ਨਤੀਜੇ ਐਲਾਨੇ ਜਾਣਗੇ।