Canada India Dispute: ਕੈਨੇਡਾ ਨੇ ਹਿੰਦੂਆਂ ਨੂੰ ਦੇਸ਼ ਛੱਡਣ ਦੀ ਧਮਕੀ 'ਤੇ ਸਖਤ ਸਟੈਂਡ ਲਿਆ ਹੈ। ਕੈਨੇਡਾ ਦੇ ਜਨਤਕ ਸੁਰੱਖਿਆ ਵਿਭਾਗ ਨੇ ਕਿਹਾ ਹੈ ਕਿ ਇਹ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਤੇ ਦੇਸ਼ ਦੀਆਂ ਕਦਰਾਂ-ਕੀਮਤਾਂ ਲਈ ਸ਼ਰਮਨਾਕ ਹੈ। ਕੈਨੇਡਾ ਸਰਕਾਰ ਦਾ ਇਹ ਬਿਆਨ ਸੋਸ਼ਲ ਮੀਡੀਆ 'ਤੇ ਵੀਡੀਓ ਪਾ ਕੇ ਹਿੰਦੂਆਂ ਨੂੰ ਦੇਸ਼ ਛੱਡਣ ਦੀ ਧਮਕੀ ਦੇਣ ਮਗਰੋਂ ਆਇਆ ਹੈ।
ਦੱਸ ਦਈਏ ਕਿ ਹਿੰਦੂਆਂ ਨੂੰ ਦੇਸ਼ ਛੱਡਣ ਦੀ ਧਮਕੀ ਦੇਣ ਵਾਲੀ ਆਨਲਾਈਨ ਵੀਡੀਓ ਸਾਹਮਣੇ ਆਉਣ ‘ਤੇ ਕੈਨੇਡਾ ਨੇ ਅੱਜ ਕਿਹਾ ਹੈ ਕਿ ਦੇਸ਼ ਵਿੱਚ ਹਮਲਾਵਰ ਰੁਖ਼, ਨਫ਼ਰਤ, ਧਮਕੀ ਜਾਂ ਡਰਾਉਣ ਵਾਲੀਆਂ ਕਾਰਵਾਈਆਂ ਲਈ ਕੋਈ ਥਾਂ ਨਹੀਂ ਹੈ। ਜਨਤਕ ਸੁਰੱਖਿਆ ਵਿਭਾਗ ਕੈਨੇਡਾ ਨੇ ਕਿਹਾ ਕਿ ਵੀਡੀਓ ਦਾ ਪ੍ਰਸਾਰਨ ਅਪਮਾਨਜਨਕ ਤੇ ਨਫ਼ਰਤ ਭਰਿਆ ਹੈ ਤੇ ਸਾਰੇ ਕੈਨੇਡੀਅਨਾਂ ਤੇ ਦੇਸ਼ ਦੀਆਂ ਕਦਰਾਂ-ਕੀਮਤਾਂ ਲਈ ਸ਼ਰਮਨਾਕ ਹੈ। ਵਿਭਾਗ ਨੇ ਕਿਹਾ ਕਿ ਕੈਨੇਡਾ ’ਚ ਨਫ਼ਰਤ ਲਈ ਕੋਈ ਥਾਂ ਨਹੀਂ ਹੈ।
ਦੱਸ ਦਈਏ ਕਿ ਖਾਲਿਸਤਾਨੀ ਲੀਡਰ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਨੂੰ ਲੈ ਕੇ ਭਾਰਤ ਤੇ ਕੈਨੇਡਾ ਵਿਚਾਲੇ ਤਣਾਅ ਦਰਮਿਆਨ ਸਿੱਖ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਵੀਡੀਓ ਵਿੱਚ ਕੈਨੇਡਾ ਵਿੱਚ ਰਹਿੰਦੇ ਹਿੰਦੂਆਂ ਨੂੰ ਧਮਕੀ ਦਿੱਤੀ ਸੀ। ਪੰਨੂੰ ਨੇ ਕਿਹਾ ਸੀ ਕਿ ਹਿੰਦੂਆਂ ਦਾ ਦੇਸ਼ ਭਾਰਤ ਹੈ ਤੇ ਉਨ੍ਹਾਂ ਨੂੰ ਕੈਨੇਡਾ ਛੱਡ ਕੇ ਭਾਰਤ ਵਾਪਸ ਜਾਣਾ ਚਾਹੀਦਾ ਹੈ। ਕੈਨੇਡਾ ਵਿੱਚ ਸਿਰਫ਼ ਉਹੀ ਸਿੱਖ ਰਹਿਣਗੇ ਜੋ ਖਾਲਿਸਤਾਨ ਦੇ ਸਮਰਥਕ ਹਨ।
ਉਧਰ, ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮੁੜ ਜ਼ੋਰ ਦੇ ਕੇ ਆਖਿਆ ਕਿ ਉਨ੍ਹਾਂ ਖਾਲਿਸਤਾਨੀ ਲੀਡਰ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਮਾਮਲੇ ਵਿੱਚ ਭਾਰਤੀ ਏਜੰਟਾਂ ਦੀ ਸ਼ਮੂਲੀਅਤ ਬਾਰੇ ‘ਪ੍ਰਮਾਣਿਕ ਦੋਸ਼’ ਲਾਏ ਹਨ ਤੇ ਇਨ੍ਹਾਂ ਨੂੰ ‘ਬੇਹੱਦ ਸੰਜੀਦਗੀ’ ਨਾਲ ਲਿਆ ਜਾਣਾ ਚਾਹੀਦਾ ਹੈ। ਟਰੂਡੋ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ਵਿੱਚ ਨਿਆਂ ਯਕੀਨੀ ਬਣਾਉਣ ਤੇ ਸੱਚਾਈ ਸਾਹਮਣੇ ਲਿਆਉਣ ਲਈ ਕੈਨੇਡਾ ਨਾਲ ਮਿਲ ਕੇ ਕੰਮ ਕਰੇ।