ਅਮੈਲੀਆ ਪੰਜਾਬੀ ਦੀ ਰਿਪੋਰਟ
Social Media Post Shared From Sidhu Moose Wala Account For Singer Suhbh: ਪੰਜਾਬੀ ਗਾਇਕ ਸ਼ੁਭ ਉਰਫ ਸ਼ੁਭਨੀਤ ਸਿੰਘ ਨੂੰ ਲੈਕੇ ਵਿਵਾਦ ਭਖਦਾ ਜਾ ਰਿਹਾ ਹੈ। ਗਾਇਕ ਦਾ ਭਾਰਤ ਟੂਰ ਰੱਦ ਹੋਣ ਤੋਂ ਬਾਅਦ ਪੰਜਾਬੀ ਇੰਡਸਟਰੀ ਦੇ ਕਈ ਕਲਾਕਾਰ ਉਸ ਦੇ ਸਮਰਥਨ 'ਚ ਉੱਤਰੇ ਅਤੇ ਗਾਇਕ ਦੇ ਹੱਕ 'ਚ ਪੋਸਟਾਂ ਪਾਈਆਂ।
ਹੁਣ ਇਸ ਕੜੀ 'ਚ ਸਿੱਧੂ ਮੂਸੇਵਾਲਾ ਦਾ ਨਾਮ ਵੀ ਸ਼ਾਮਲ ਹੋ ਗਿਆ ਹੈ। ਦਰਅਸਲ, ਮੂਸੇਵਾਲਾ ਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਸ਼ੁਭ ਦੇ ਸਮਰਥਨ 'ਚ ਲੰਬੀ ਚੌੜੀ ਪੋਸਟ ਸ਼ੇਅਰ ਕੀਤੀ ਗਈ ਹੈ, ਜਿਸ ਵਿੱਚ ਕੇਂਦਰ ਸਰਕਾਰ 'ਤੇ ਤਿੱਖੇ ਤੰਜ ਕੱਸੇ ਗਏ ਹਨ।
ਮੂਸੇਵਾਲਾ ਦੇ ਅਕਾਊਂਟ ਤੋਂ ਸ਼ੇਅਰ ਕੀਤੀ ਪੋਸਟ 'ਚ ਕਿਹਾ ਗਿਆ, 'ਪਿਛਲੇ ਕੁੱਝ ਹਫਤਿਆਂ 'ਚ ਸਿੱਖ ਭਾਈਚਾਰੇ ਵਿਚਾਲੇ ਤਣਾਅ ਦੀਆਂ ਕਈ ਖਬਰਾਂ ਸੁਣਨ 'ਚ ਆ ਰਹੀਆਂ ਹਨ। ਇਹ ਸੁਣ ਕੇ ਦਿਲ ਟੁੱਟਦਾ ਹੈ, ਜਿਸ ਤਰ੍ਹਾਂ ਪੰਜਾਬੀਆਂ ਨੂੰ ਉਨ੍ਹਾਂ ਦੀ ਦੇਸ਼ ਭਗਤੀ ਸਾਬਤ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ। ਭਾਰਤ ਵਰਗੇ ਦੇਸ਼ 'ਚ ਘੱਟ ਗਿਣਤੀ ਬਣ ਕੇ ਰਹਿਣਾ ਚੁਣੌਤੀ ਭਰਪੂਰ ਤਜਰਬਾ ਹੈ। ਸਾਡੇ ਸਿੱਖ ਭਾਈਚਾਰੇ ਦਾ ਇਸ ਤਰ੍ਹਾਂ ਦਾ ਵਿਰੋਧ ਸਾਫ ਤੌਰ 'ਤੇ ਸਿਆਸੀ ਤਾਕਤਾਂ ਦੀ ਸ਼ਹਿ 'ਤੇ ਹੁੰਦਾ ਹੈ। ਇਹ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਕਿੰਨੇ ਹੀ ਸੈਲੇਬ੍ਰਿਟੀਆਂ ਨੂੰ ਇਸ ਚੀਜ਼ ਦਾ ਸ਼ਿਕਾਰ ਹੋਣਾ ਪੈਂਦਾ ਹੈ। ਸਿੱਧੂ ਨਾਲ ਵੀ ਇਹੀ ਹੋਇਆ, ਉਸ ਨੇ ਖੁੱਲ੍ਹ ਕੇ ਆਪਣੇ ਲੋਕਾਂ ਦਾ ਸਮਰਥਨ ਕੀਤਾ ਤਾਂ ਉਸ 'ਤੇ ਅੱਤਵਾਦੀ ਹੋਣ ਦਾ ਲੇਬਲ ਲਗਾਇਆ ਹੈ, ਉਹ ਵੀ ਬਿਨਾਂ ਕਿਸੇ ਸਬੂਤ ਦੇ। ਅਫਸੋਸ ਦੀ ਗੱਲ ਹੈ ਕਿ ਗਾਇਕ ਸ਼ੁਭ ਨਾਲ ਵੀ ਉਹੀ ਸਭ ਵਾਪਰ ਰਿਹਾ ਹੈ। ਇੱਕ ਸਿੱਧੀ ਸਾਦੀ ਇੰਸਟਾਗ੍ਰਾਮ ਪੋਸਟ 'ਤੇ ਇਸ ਤਰ੍ਹਾਂ ਦਾ ਵਿਰੋਧ ਹੋਣਾ ਬੜਾ ਅਜੀਬ ਲੱਗਦਾ ਹੈ। ਹੁਣ ਸਵਾਲ ਇਹ ਉੱਠਦਾ ਹੈ ਕਿ ਘੱਟ ਗਿਣਤੀ ਭਾਈਚਾਰੇ ਦੇ ਕਲਾਕਾਰਾਂ ਨਾਲ ਹੀ ਕਿਉਂ ਲਗਾਤਾਰ ਅਜਿਹੀਆਂ ਧੱਕੇਸ਼ਾਹੀਆਂ ਹੋ ਰਹੀਆਂ ਹਨ? ਜਦਕਿ ਮਿਊਜ਼ਿਕ ਦਾ ਨਾ ਤਾਂ ਕੋਈ ਧਰਮ ਹੈ ਤੇ ਨਾ ਹੀ ਕੋਈ ਜਾਤ। ਅਸੀਂ ਸਿੱਧੂ ਨੂੰ ਵੀ ਇਸੇ ਨਫਰਤ ਦੇ ਚਲਦਿਆਂ ਗੁਆ ਦਿੱਤਾ। ਆਖਰ ਇਹ ਸਭ ਕਦੋਂ ਖਤਮ ਹੋਵੇਗਾ? ਆਪਣੇ ਭਾਈਚਾਰੇ ਦਾ ਸਮਰਥਨ ਕਰਨ ਨਾਲ ਕੋਈ ਅੱਤਵਾਦੀ ਕਿਵੇਂ ਬਣ ਸਕਦਾ ਹੈ? ਤੇ ਜਿਹੜੇ ਕਲਾਕਾਰ ਅਜਿਹੇ ਦੌਰ ਵਿੱਚ ਆਪਣੇ ਸਾਥੀਆਂ ਨਾਲ ਖੜੇ ਨਹੀਂ ਹੋ ਸਕਦੇ ਉਨ੍ਹਾਂ ਨੂੰ ਇਹ ਸੋਚਣ ਦੀ ਲੋੜ ਹੈ ਕਿ ਉਹ ਕਿੱਥੇ ਸਟੈਂਡ ਕਰਦੇ ਹਨ? ਹੁਣ ਤੁਹਾਨੂੰ ਮਜ਼ਬੂਤ ਬਣਨ ਦੀ ਜ਼ਰੂਰਤ ਹੈ। ਉਨ੍ਹਾਂ ਨਿਊਜ਼ ਚੈਨਲਾਂ ਨੂੰ ਵੀ ਥੋੜਾ ਸੋਚਣ ਦੀ ਲੋੜ ਹੈ ਜੋ ਆਪਣੇ ਫਾਇਿਿਦਆਂ ਦੇ ਲਈ ਇਸ ਵਿਵਾਦ ਨੂੰ ਹੋਰ ਵਧਾਉਣ ਦਾ ਕੰਮ ਕਰ ਰਹੇ ਹਨ। ਸਾਨੂੰ ਆਪਣੇ ਦੇਸ਼ ਨਾਲ ਪਿਆਰ ਹੈ, ਪਰ ਅਫਸੋਸ ਸਾਡੇ ਪਿਆਰ ਨੂੰ ਸਮਝਿਆ ਨਹੀਂ ਜਾਂਦਾ। ਦੇਖੋ ਇਹ ਪੋਸਟ:
ਦੂਜੇ ਪਾਸੇ ਭਾਰਤ ਟੂਰ ਰੱਦ ਹੋਣ ਤੋਂ ਬਾਅਦ ਸ਼ੁਭ ਦਾ ਪਹਿਲਾ ਰਿਐਕਸ਼ਨ ਸਾਹਮਣੇ ਆਇਆ ਹੈ। ਉਸ ਨੇ ਇੱਕ ਸੋਸ਼ਲ ਮੀਡੀਆ ਪੋਸਟ ਕਿਹਾ ਕਿ, 'ਭਾਰਤ ਵੀ ਮੇਰਾ ਦੇਸ਼ ਹੈ, ਮੇਰਾ ਜਨਮ ਇੱਥੇ ਹੋਇਆ ਹੈ...ਪੰਜਾਬ ਮੇਰੀ ਆਤਮਾ ਹੈ, ਪੰਜਾਬ ਮੇਰੇ ਖੂਨ ਵਿੱਚ ਹੈ, ਪੰਜਾਬੀਆਂ ਨੂੰ ਦੇਸ਼ ਭਗਤੀ ਦਾ ਸਬੂਤ ਦੇਣ ਦੀ ਲੋੜ ਨਹੀਂ, ਪੰਜਾਬੀਆਂ ਦੀਆਂ ਕੁਰਬਾਨੀਆਂ ਇਤਿਹਾਸ ਵਿੱਚ ਦਰਜ ਹਨ...ਦੇਸ਼ ਦੀ ਆਜ਼ਾਦੀ ਲਈ ਪੰਜਾਬੀਆਂ ਨੇ ਕੁਰਬਾਨੀਆਂ ਦਿੱਤੀਆਂ ਹਨ।
ਕਾਬਿਲੇਗ਼ੌਰ ਹੈ ਕਿ ਗੈਰੀ ਸੰਧੂ ਤੋਂ ਲੈਕੇ ਕਰਨ ਔਜਲਾ ਤੱਕ ਕਈ ਕਲਾਕਾਰਾਂ ਨੇ ਖੁੱਲ੍ਹ ਕੇ ਸ਼ੁਭ ਦਾ ਸਮਰਥਨ ਕੀਤਾ ਹੈ ਅਤੇ ਉਸ ਦੇ ਹੱਕ 'ਚ ਪੋਸਟਾਂ ਪਾਈਆਂ ਹਨ। ਦੱਸ ਦਈਏ ਕਿ ਹਾਲ ਹੀ 'ਚ ਸ਼ੁਭ ਦਾ ਭਾਰਤ ਟੂਰ ਰੱਦ ਹੋਇਆ ਸੀ। ਗਾਇਕ 'ਤੇ ਖਾਲਿਸਤਾਨੀ ਪੱਖੀ ਹੋਣ ਦੇ ਦੋਸ਼ ਵੀ ਲਗਾਏ ਗਏ ਸੀ।