ਅਸ਼ਰਫ ਢੁੱਡੀ


ਚੰਡੀਗੜ੍ਹ: ਕੈਨੇਡਾ ਵਿੱਚ ਆਨਲਾਈਨ ਵੀਜ਼ਾ ਅਪਲਾਈ ਕਰ ਚੁੱਕੇ ਬਿਨੈਕਾਰਾਂ ਲਈ ਖੁਸ਼ਖਬਰੀ ਹੈ। ਹੁਣ ਚੰਡੀਗੜ੍ਹ ਵਿੱਚ ਕੋਰੋਨਾ ਕਾਰਨ ਬੰਦ ਹੋਇਆ ਵੀਐਫਐਸ ਵੀਜ਼ਾ ਐਪਲੀਕੇਸ਼ਨ ਸੈਂਟਰ ਦੁਬਾਰਾ ਸ਼ੁਰੂ ਕੀਤਾ ਗਿਆ ਹੈ। ਵੀਜ਼ਾ ਅਪਲਾਈ ਕਰ ਚੁੱਕੇ ਬਿਨੈਕਾਰ ਹੁਣ ਆਪਣਾ ਬਾਇਓਮੈਟਰਿਕ ਇਸ ਸੈਂਟਰ ਵਿੱਚ ਕਰਵਾ ਸਕਣਗੇ।




ਇਸ ਸੈਂਟਰ ਦੇ ਖੁੱਲ੍ਹਣ ਮਗਰੋਂ ਸੈਂਟਰ ਦੇ ਬਾਹਰ ਲੋਕ ਕਤਾਰਾਂ ਵਿੱਚ ਖੜ੍ਹੇ ਦਿਖਾਈ ਦਿੱਤੇ। ਇੱਥੇ ਪਹੁੰਚੇ ਬਿਨੈਕਾਰਾ ਨੇ ਦੱਸਿਆ ਕਿ ਕੋਰੋਨਾਵਾਇਰਸ ਕਾਰਨ ਵੀਜ਼ਾ ਦੀ ਅਰਜ਼ੀ ਵਿਚਕਾਰ ਹੀ ਰੁਕ ਗਈ ਸੀ ਜਿਸ ਕਾਰਨ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ। ਹੁਣ ਵੀਜ਼ਾ ਐਪਲੀਕੇਸ਼ਨ ਸੈਂਟਰ ਖੁੱਲ੍ਹਣ ਨਾਲ ਆਸਾਨੀ ਹੋਵੇਗੀ। ਅੱਜ ਪੂਰੇ ਭਾਰਤ ਵਿੱਚ ਦਿੱਲੀ, ਚੰਡੀਗੜ੍ਹ, ਜਲੰਧਰ, ਮੁੰਬਈ, ਅਹਿਮਦਾਬਾਦ ਤੇ ਬੈਂਗਲੂਰੂ ਵਿੱਚ ਵੀਜਾ ਐਪਲੀਕੇਸ਼ਨ ਸੈਂਟਰ ਖੋਲ ਦਿਤੇ ਗਏ ਹਨ। ਕੋਰੋਨਾ ਮਹਾਮਾਰੀ ਤੋਂ ਬਾਅਦ ਕਰੀਬ 8 ਮਹੀਨੇ ਬਾਅਦ ਵੀਜਾ ਐਪਲੀਕੇਸ਼ਨ ਸੈਂਟਰ ਦੋਬਾਰਾ ਖੋਲੇ ਗਏ ਹਨ।




ਮਾਨਸਾ ਤੋਂ ਚੰਡੀਗੜ ਪਹੁੰਚੇ ਗੁਰਪਾਲ ਸਿੰਘ ਚਹਿਲ ਨੇ ਦੱਸਿਆ ਕਿ "ਫਰਵਰੀ ਵਿੱਚ ਉਨ੍ਹਾਂ ਦੇ ਕੈਨੇਡਾ ਵਾਸੀ ਭਰਾ ਦਾ ਪੰਜਾਬ ਵਿੱਚ ਵਿਆਹ ਹੋਇਆ ਸੀ ਅਤੇ ਉਨ੍ਹਾਂ ਦੀ ਭਾਬੀ ਨੇ ਫਰਵਰੀ ਵਿੱਚ ਫਾਇਲ ਲਾਈ ਸੀ ਕੈਨੇਡਾ ਜਾਣ ਲਈ।ਪਰ ਮਾਰਚ ਵਿੱਚ ਲੋਕਡਾਊਨ ਲੱਗ ਗਿਆ। ਜੇਕਰ ਲੋਕਡਾਊਨ ਨਾ ਹੁੰਦਾ ਤਾਂ ਉਨ੍ਹਾਂ ਦੀ ਫਾਈਲ ਮਈ ਵਿੱਚ ਹੀ ਓਪਨ ਹੋ ਜਾਣੀ ਸੀ। ਹੁਣ ਇਹ ਵੀਜ਼ਾ ਐਪਲੀਕੇਸ਼ਨ ਸੈਂਟਰ ਖੁੱਲਣ ਕਾਰਨ ਸਾਨੂੰ ਕਾਫੀ ਸਹੁਲਤ ਮਿਲੇਗੀ।"