ਕੋਰੋਨਾ ਦੀ ਆੜ 'ਚ ਕਿਸਾਨ ਅੰਦੋਲਨ ਦਬਾਉਣ ਦੀ ਕੋਸ਼ਿਸ਼? ਹਰਿਆਣਾ 'ਚ ਅਣਐਲਾਨੀ ਐਮਰਜੈਂਸੀ, ਕਿਸਾਨ ਭੜਕੇ
ਏਬੀਪੀ ਸਾਂਝਾ | 25 Nov 2020 01:13 PM (IST)
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਇਕਾਈ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕੇਂਦਰ ਸਰਕਾਰ ਤੇ ਗੰਭੀਰ ਦੋਸ਼ ਲਾਏ ਹਨ।
ਅੰਮ੍ਰਿਤਸਰ: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਇਕਾਈ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕੇਂਦਰ ਸਰਕਾਰ ਤੇ ਗੰਭੀਰ ਦੋਸ਼ ਲਾਏ ਹਨ। ਪੰਧੇਰ ਦਾ ਇਲਜ਼ਾਮ ਹੈ ਕਿ ਸਰਕਾਰ ਕੋਰੋਨਾ ਦੀ ਆੜ 'ਚ ਕਿਸਾਨਾਂ ਦਾ ਅੰਦੋਲਨ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕੋਰੋਨਾ ਦੀ ਆੜ 'ਚ ਜਿਵੇਂ ਸਰਕਾਰ ਨੇ ਸਰਕਾਰੀ ਅਦਾਰੇ ਵੇਚੇ ਹਨ, ਉਸੇ ਤਰ੍ਹਾਂ ਅੰਦੋਲਨ ਨੂੰ ਦੱਬਿਆ ਜਾ ਰਿਹਾ ਹੈ। ਪੰਧੇਰ ਨੇ ਕਿਹਾ, "ਇੱਕ ਪਾਸੇ ਸਰਕਾਰ ਗੱਲਬਾਤ ਦਾ ਸੱਦਾ ਦੇ ਰਹੀ ਹੈ ਤੇ ਦੂਜੇ ਪਾਸੇ ਅੰਦੋਲਨ ਨੂੰ ਦਬਾਇਆ ਜਾ ਰਿਹਾ ਹੈ। ਹਰਿਆਣਾ 'ਚ ਅਣਐਲਾਨੀ ਐਮਰਜੈਂਸੀ ਖੱਟਰ ਸਰਕਾਰ ਨੇ ਲਾ ਦਿੱਤੀ ਹੈ। ਕਿਸਾਨ ਅੰਦੋਲਨ ਦਾ ਹਰਿਆਣਾ ਨਾਲ ਕੋਈ ਸਰੋਕਾਰ ਨਹੀਂ, ਸਗੋਂ ਕਿਸਾਨਾਂ ਨੇ ਹਰਿਆਣਾ 'ਚੋਂ ਲੰਘ ਕੇ ਦਿੱਲੀ ਜਾਣਾ ਹੈ, ਉਹ ਵੀ ਸ਼ਾਂਤਮਈ ਤਰੀਕੇ ਨਾਲ। ਉਨ੍ਹਾਂ ਕਿਹਾ ਕਿ ਇਹ ਸਿਰਫ ਪੰਜਾਬ ਦਾ ਅੰਦੋਲਨ ਨਹੀਂ ਸਗੋਂ ਦੇਸ਼ ਦਾ ਅੰਦੋਲਨ ਹੈ। ਪੰਜਾਬ ਦੇ ਨਾਲ ਲੱਗਦਾ ਖੇਤਰ ਖੱਟਰ ਸਰਕਾਰ ਨੇ ਖੁੱਲੀ ਜੇਲ੍ਹ 'ਚ ਤਬਦੀਲ ਕਰ ਦਿੱਤਾ ਹੈ।" ਦੱਸ ਦਈਏ ਕਿ ਹਰਿਆਣਾ ਸਰਕਾਰ ਨੇ ਆਪਣੇ ਸਾਰੇ ਬਾਡਰ ਸੀਲ ਕਰ ਦਿੱਤੇ ਹਨ। ਕੱਲ੍ਹ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਐਲਾਨ ਕੀਤਾ ਸੀ ਕਿ ਕਿਸਾਨਾਂ ਨੂੰ ਦਿੱਲੀ ਵੱਲ ਕੂਚ ਕਰਨ ਨਹੀਂ ਜਾਣ ਦਿੱਤਾ ਜਾਏਗਾ।