ਚੰਡੀਗੜ੍ਹ: ਚਾਰ ਮਹੀਨੇ ਤੋਂ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਦਾ ਦਿੱਲੀ ਦੀਆਂ ਬਰੂਹਾਂ ਤੇ ਵਿਰੋਧ ਕਰਦੇ ਕਿਸਾਨਾਂ ਦਾ ਗੁੱਸਾ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ। ਹੁਣ ਇਸ ਗੁੱਸੇ ਦਾ ਸ਼ਿਕਾਰ ਪੰਜਾਬ ਬੀਜੇਪੀ ਦੇ ਮਲੋਟ ਤੋਂ ਵਿਧਾਇਕ ਅਰੁਣ ਨਾਰੰਗ ਹੋ ਗਏ। ਸ਼ਨੀਵਾਰ ਨੂੰ ਪ੍ਰਦਰਸ਼ਨਕਾਰੀਆਂ ਦੀ ਭੀੜ ਵਿਧਾਇਕ ਤੇ ਟੁੱਟ ਪਈ ਤੇ ਉਸ ਦੀ ਕੁੱਟਮਾਰ ਕੀਤੀ ਤੇ ਉਸ ਦੇ ਕੱਪੜੇ ਵੀ ਪਾੜ ਸੁੱਟੇ। ਪੁਲਿਸ ਨੇ ਬੜੀ ਮੁਸ਼ਕਲ ਨਾਲ ਵਿਧਾਇਕ ਨੂੰ ਭੀੜ ਤੋਂ ਬਚਾਇਆ ਤੇ ਬਾਹਰ ਕੱਢਿਆ। ਇਸ ਪੂਰੀ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਫੈਲ ਗਿਆ।



ਇਸ ਮਗਰੋਂ ਪੰਜਾਬ ਦੀਆਂ ਰਾਜਨੀਤਕ ਪਾਰਟੀਆਂ ਨੇ ਕੈਪਟਨ ਅਮਰਿੰਦਰ ਸਿੰਘ ਨੇ ਇਸ ਮੁੱਦੇ ਤੇ ਘੇਰਨ ਵਿੱਚ ਟਾਇਮ ਨਹੀਂ ਲਾਇਆ। ਟਵਿੱਟਰ ਉੱਤੇ #Khalistani ਟ੍ਰੈਂਡ ਕਰ ਰਿਹਾ ਸੀ ਤੇ ਸੋਸ਼ਲ ਮੀਡੀਆ ਯੂਜ਼ਰਸ ਇਸ ਘਟਨਾ ਲਈ ਕੈਪਟਨ ਅਮਰਿੰਦਰ ਸਿੰਘ ਨੂੰ ਜ਼ਿੰਮੇਵਾਰ ਦੱਸਣ ਲੱਗੇ ਤੇ ਆਪਣੀ ਭੜਾਸ ਕੱਢਣ ਲੱਗੇ।

ਸੰਯੁਕਤ ਕਿਸਾਨ ਮੋਰਚੇ ਦੀ ਪ੍ਰਤੀਕਿਰਆ
ਖੇਤੀ ਕਾਨੂੰਨਾਂ ਖਿਲਾਫ ਅੰਦੋਲਨ ਦੀ ਅਗਵਾਈ ਕਰ ਰਹੇ ਸੰਯੁਕਤ ਕਿਸਾਨ ਮੋਰਚੇ ਨੇ ਕਿਹਾ ਕਿ ਵਿਧਾਇਕ ਤੇ ਜੋ ਹਮਲਾ ਹੋਇਆ ਉਸ ਤੇ ਉਨ੍ਹਾਂ ਨੂੰ ਦੁੱਖ ਹੈ। ਕਿਸਾਨ ਆਗੂ ਦਰਸ਼ਨਪਾਲ ਨੇ ਕਿਹਾ, "ਅੱਜ ਕਿਸਾਨਾਂ ਨੇ ਅਬੋਹਰ ਤੋਂ ਭਾਜਪਾ ਵਿਧਾਇਕ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਮੁਸ਼ਕਲ ਹਾਲਾਤ ਵਿੱਚ ਇਹ ਹਿੰਸਕ ਹੋ ਗਿਆ ਤੇ ਵਿਧਾਇਕ 'ਤੇ ਹਮਲਾ ਕੀਤਾ ਗਿਆ। ਇਹ ਬੜੇ ਦੁੱਖ ਦੀ ਗੱਲ ਹੈ ਕਿ ਇੱਕ ਚੁਣੇ ਹੋਏ ਨੁਮਾਇੰਦੇ ਨਾਲ ਅਜਿਹਾ ਵਿਵਹਾਰ ਕੀਤਾ ਗਿਆ। ਅਸੀਂ ਅਜਿਹੇ ਵਿਵਹਾਰ ਨੂੰ ਉਤਸ਼ਾਹਿਤ ਨਹੀਂ ਕਰਦੇ।ਅਸੀਂ ਇਸ ਘਟਨਾ ਦੀ ਸਖ਼ਤ ਨਿੰਦਾ ਕਰਦੇ ਹਾਂ।"

ਸੁਖਬੀਰ ਬਾਦਲ ਨੇ ਕੀਤੀ ਨਿੰਦਾ
ਉਧਰ ਇਸ ਮੁੱਦੇ ਤੇ ਪ੍ਰਤੀਕ੍ਰਿਆ ਜ਼ਾਹਰ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਸਾਰਿਆਂ ਨੂੰ ਅਪੀਲ ਕੀਤੀ ਕਿ ਉਹ ਰਾਜ ਦੀ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਨੂੰ ਭੰਗ ਨਾ ਕਰਨ ਲਈ ਸੰਜਮ ਵਰਤਣ। ਉਨ੍ਹਾਂ ਨੇ "ਸੂਬਾ ਪੁਲਿਸ ਨੂੰ ਆਪਣੀ ਡਿਊਟੀ ਨਿਭਾਉਣ ਵਿੱਚ ਅਸਫਲ ਰਹਿਣ ਲਈ ਵੀ ਨਿੰਦਾ ਕੀਤੀ, ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਬੁਰੀ ਤਰ੍ਹਾਂ ਅਸਫਲ ਰਹੀ ਹੈ, ਜਿੱਥੋਂ ਤੱਕ ਕਾਨੂੰਨ ਵਿਵਸਥਾ ਬਣਾਈ ਰੱਖਣ ਦੀ ਗੱਲ ਹੈ।"

ਸੁਖਬੀਰ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਸਭਿਅਕ ਸਮਾਜ ਵਿੱਚ ਹਿੰਸਾ ਦਾ ਕੋਈ ਸਥਾਨ ਨਹੀਂ ਹੈ ਤੇ ਅਜਿਹੀਆਂ ਹਰਕਤਾਂ ਸਿਰਫ ਕਿਸਾਨਾਂ ਦੇ ਅੰਦੋਲਨ ਨੂੰ ਕਮਜ਼ੋਰ ਕਰਨਗੀਆਂ।

ਕੈਪਟਨ ਨੇ ਵੀ ਘਟਨਾ ਦੀ ਕੀਤੀ ਨਿਖੇਧੀ
ਅਰੁਣ ਨਾਰੰਗ 'ਤੇ ਹੋਏ ਹਮਲੇ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਿੰਦਾ ਕੀਤੀ ਹੈ।ਹਮਲੇ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਪਸ਼ੱਟ ਕੀਤਾ ਕਿ ਕਾਨੂੰਨ ਨੂੰ ਹੱਥਾਂ ਵਿੱਚ ਲੈਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਏਗਾ।ਉਨ੍ਹਾਂ ਰਾਜ ਦੀ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਦੀ ਚੇਤਾਵਨੀ ਵੀ ਦਿੱਤੀ। ਕੈਪਟਨ ਨੇ ਜਿੱਥੇ ਕਿਸਾਨਾਂ ਨੂੰ ਅਜਿਹੀਆਂ ਹਿੰਸਾ ਦੀਆਂ ਘਟਨਾਵਾਂ ਵਿੱਚ ਸ਼ਾਮਲ ਨਾ ਹੋਣ ਦੀ ਅਪੀਲ ਕੀਤੀ ਉੱਥੇ ਹੀ ਉਨ੍ਹਾਂ ਪ੍ਰਧਾਨ ਮੰਤਰੀ ਮੋਦੀ ਨੂੰ ਵੀ ਅਪੀਲ ਕੀਤੀ ਕਿ ਉਹ ਸਥਿਤੀ ਨੂੰ ਹੋਰ ਵਧਣ ਤੋਂ ਰੋਕਣ ਅਤੇ ਖੇਤੀ ਕਾਨੂੰਨਾਂ ਸਬੰਧੀ ਮਸਲੇ ਦਾ ਤੁਰੰਤ ਹੱਲ ਕਰਨ।

ਤਰੁਣ ਚੁੱਘ ਨੇ ਮੰਗਿਆ ਕੈਪਟਨ ਦਾ ਅਸਤੀਫਾ
ਭਾਜਪਾ ਨੇਤਾ ਤਰੁਣ ਚੁੱਘ ਨੇ ਸੂਬਾ ਸਰਕਾਰ ਨੂੰ ਘੇਰਿਆ ਹੈ।ਚੁੱਘ ਨੇ ਕਿਹਾ, "ਕੈਪਟਨ ਸਰਕਾਰ ਲਾਅ ਐਂਡ ਆਰਡਰ ਬਣਾਈ ਰੱਖਣ ਵਿੱਚ ਪੂਰੀ ਤਰ੍ਹਾਂ ਅਸਫਲ ਹੋ ਗਈ ਹੈ। ਪੁਲਿਸ ਸਮੇਤ ਸਾਰੀਆਂ ਸੁਰੱਖਿਆ ਏਜੰਸੀਆਂ ਵੀ ਫੇਲ ਰਹੀਆਂ ਹਨ। ਅੱਜ ਜੋ ਘੱਟਨਾ ਹੋਈ ਉਹ ਬਹੁਤ ਮੰਦਭਾਗੀ ਅਤੇ ਨਿੰਦਣਯੋਗ ਹੈ। ਪ੍ਰੈੱਸ ਕਾਂਨਫਰੰਸ ਕਰਨ ਜਾ ਰਹੇ ਬੀਜੇਪੀ ਵਿਧਾਇਕ ਨੂੰ ਕਿਸਾਨਾ ਦੇ ਭੇਸ ਵਿੱਚ ਯੂਥ ਕਾਂਗਰਸੀ ਵਰਕਰਾਂ ਨੇ ਕੁੱਟਿਆ ਅਤੇ ਕੱਪੜੇ ਤੱਕ ਪਾੜ ਦਿੱਤੇ। ਕੈਪਟਨ ਅਮਰਿੰਦਰ ਸਿੰਘ ਨੂੰ ਤੁਰੰਤ ਅਸਤੀਫਾ ਦੇਣਾ ਚਾਹੀਦਾ ਹੈ।"

ਕੀ ਸੀ ਮਾਮਲਾ?
ਦਰਅਸਲ, ਭਾਜਪਾ ਆਗੂਆਂ ਨੇ ਸੂਬੇ 'ਚ ਕਾਂਗਰਸ ਦੇ ਚਾਰ ਸਾਲ ਪੂਰੇ ਹੋਣ ਮਗਰੋਂ ਵੀ ਸਰਕਾਰ ਦੀ ਕਮੀਆਂ ਅਤੇ ਨਾਕਾਮੀਆਂ ਨੂੰ ਜਨਤਾ ਸਾਹਮਣੇ ਲਿਆਉਣ ਲਈ ਵੱਖ-ਵੱਖ ਜ਼ਿਲ੍ਹਿਆਂ 'ਚ ਪ੍ਰੈਸ ਕਾਨਫਰੰਸਾਂ ਕੀਤੀਆਂ ਜਿਸ ਦੌਰਾਨ ਉਲਟਾ ਭਾਜਪਾ ਆਗੂਆਂ ਨੂੰ ਹੀ ਕਿਸਾਨਾਂ ਦੇ ਜੌਰਦਾਰ ਵਿਰੋਧ ਦਾ ਸਾਹਮਣਾ ਕਰਨਾ ਪਿਆ। ਅਜਿਹੇ ਹੀ ਵਿਰੋਧ ਦੀ ਘਟਨਾ ਮਲੋਟ ਵਿੱਚ ਹੋਈ ਜਿਸ ਦਾ ਅਰੁਣ ਨਾਰੰਗ ਸ਼ਿਕਾਰ ਹੋ ਗਏ।ਭਾਜਪਾ ਦੇ ਹਲਕਾ ਅਬੋਹਰ ਦੇ ਵਿਧਾਇਕ ਅਰੁਣ ਨਾਰੰਗ ਵਲੋਂ ਪ੍ਰੈਸ ਕਾਨਫਰੰਸ ਕਰਨੀ ਸੀ ਪਰ ਕਿਸਾਨਾਂ ਨੂੰ ਜਦੋਂ ਇਸ ਦਾ ਪਤਾ ਲੱਗਿਆ ਤਾਂ ਉਨ੍ਹਾਂ ਨੇ ਇਸ ਦਾ ਵਿਰੋਧ ਕੀਤਾ ਅਤੇ ਭਾਜਪਾ ਦੇ ਦਫਤਰ ਬਾਹਰ ਧਰਨਾ ਦਿੱਤਾ। ਪ੍ਰਦਰਸ਼ਨਕਾਰੀਆਂ ਨੇ ਉਨ੍ਹਾਂ ਦੀ ਕੁੱਟਮਾਰ ਕੀਤੀ ਅਤੇ ਸਾਰੇ ਕੱਪੜੇ ਪਾੜ ਸੁੱਟੇ।ਇਸ ਘਟਨਾ ਮਗਰੋਂ ਸਿਆਸਤ ਵੀ ਗਰਮਾ ਗਈ ਹੈ ਅਤੇ ਵੱਖ-ਵੱਖ ਨੇਤਾ ਆਪਣੀ ਪ੍ਰਤੀਕਿਰਆ ਦੇ ਰਹੇ ਹਨ।


 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ