ਚੰਡੀਗੜ੍ਹ : ਪੰਜਾਬ ਕਾਂਗਰਸ ਨੇ ਦਾਅਵਾ ਕੀਤਾ ਹੈ ਉਹਨਾਂ ਦੀ ਪਾਰਟੀ ਬਾਕੀ ਧਿਰਾਂ ਦੇ ਮੁਕਾਬਲੇ ਅੱਗੇ ਚੱਲ ਰਹੀ ਹੈ। ਪਾਰਟੀ ਦੇ ਸੂਬਾ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਇਹ ਦਾਅਵਾ ਤਾਜ਼ਾ ਸਰਵੇ ਦੇ ਆਧਾਰ ਉਤੇ ਕੀਤਾ ਹੈ। ਇਸ ਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਪਾਰਟੀ ਵੱਲੋਂ ਛੇਤੀ ਹੀ ਮੋਗਾ ਵਿਖੇ ਇੱਕ ਵੱਡੀ ਰੈਲੀ ਕੀਤੀ ਜਾਵੇਗੀ ਜਿਸ ਵਿੱਚ ਪੰਜ ਲੱਖ ਲੋਕ ਸ਼ਾਮਲ ਹੋਣਗੇ। ਕੈਪਟਨ ਨੇ ਕਿਹਾ ਕਿ ਕਾਂਗਰਸ ਦੇ ਹੌਸਲੇ ਪੂਰੀ ਤਰ੍ਹਾਂ ਬੁਲੰਦ ਹਨ ਕਿਉਂਕਿ ਜੋ ਨੌਜਵਾਨ ਪਹਿਲਾਂ ਆਮ ਆਦਮੀ ਪਾਰਟੀ ਵੱਲ ਗਏ ਸਨ ਉਹ ਹੁਣ ਕਾਂਗਰਸ ਵਿੱਚ ਆ ਗਏ ਹਨ।
ਉਹਨਾਂ ਆਖਿਆ ਕਿ ਆਮ ਆਦਮੀ ਪਾਰਟੀ ਹੁਣ ਡਿੱਗਦੀ ਜਾ ਰਹੀ ਹੈ। ਤਾਜ਼ਾ ਸਰਵੇਖਣ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਵਿੱਚ 51 ਫ਼ੀਸਦੀ ਕਾਂਗਰਸ , 31 ਫ਼ੀਸਦੀ ‘ਆਪ’ ਅਤੇ 18 ਫ਼ੀਸਦੀ ਲੋਕ ਅਕਾਲੀ ਦਲ ਵੱਲ ਹਨ । ਨਾਲ ਹੀ ਕੈਪਟਨ ਨੇ ਦਾਅਵਾ ਕੀਤਾ ਕਿ ਅੰਤਮ ਮੁਕਾਬਲਾ ਕਾਂਗਰਸ ਤੇ ਅਕਾਲੀ ਦਲ ਵਿਚਾਲੇ ਹੀ ਹੋਵੇਗਾ।
ਉਨ੍ਹਾਂ ਕਿਹਾ ਕਿ ਪੰਜਾਬੀ ਤੇ ਗੈਰ-ਪੰਜਾਬੀ ਦੇ ਸਵਾਲ ਅਤੇ ਦਰਿਆਈ ਪਾਣੀਆਂ ਕਰਕੇ ਲੋਕ ਕਾਂਗਰਸ ਵੱਲ ਆ ਰਹੇ ਹਨ। ਉਹਨਾਂ ਆਖਿਆ ਕਿ ਪਾਰਟੀ ਨੂੰ ਹਰ ਵਿਧਾਨ ਸਭਾ ਹਲਕੇ ਵਿੱਚ ਵਧੀਆ ਹੁੰਗਾਰਾ ਮਿਲ ਰਿਹਾ ਹੈ। ਕੈਪਟਨ ਨੇ ਨਾਲ ਹੀ ਆਖਿਆ ਕਿ ਚੋਣਾਂ ਦੇ ਐਲਾਨ ਤੋਂ ਬਾਅਦ ਅਕਾਲੀ ਦਲ ਵਿੱਚ ਟੁੱਟ ਭੱਜ ਹੋਵੇਗੀ ਤੇ ਕਈ ਆਗੂ ਕਾਂਗਰਸ ਵਿੱਚ ਸ਼ਾਮਲ ਹੋਣਗੇ।
ਕੈਪਟਨ ਅਨੁਸਾਰ ਅਕਾਲੀ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਜਲਦੀ ਹੀ ਕਾਂਗਰਸ ਵਿੱਚ ਸ਼ਾਮਲ ਹੋਣਗੇ। ਪਾਰਟੀ ਦੇ ਉਮੀਦਵਾਰਾਂ ਦੀ ਗੱਲ ਕਰਦਿਆਂ ਕੈਪਟਨ ਨੇ ਆਖਿਆ ਕਿ ਛੇਤੀ ਹੀ ਹਾਈ ਕਮਾਨ ਨਾਮਾਂ ਦਾ ਐਲਾਨ ਕਰ ਦੇਵੇਗੀ।