ਚੰਡੀਗੜ੍ਹ: ਪੰਜਾਬ ਵਿੱਚ ਬੇਸ਼ੱਕ ਕਾਂਗਰਸ ਨੇ ਪਿਛਲੀ ਵਾਰ ਦੇ ਮੁਕਾਬਲੇ ਦੁੱਗਣੀਆਂ ਸੀਟਾਂ ਆਪਣੀ ਝੋਲੀ ਪਾਉਣ ਦੀ ਸਥਿਤੀ ਵਿੱਚ ਪਹੁੰਚ ਗਈ ਹੈ, ਪਰ ਵਿਰੋਧੀ ਪਾਰਟੀਆਂ ਅਕਾਲੀ-ਭਾਜਪਾ ਦੇ ਪ੍ਰਦਰਸ਼ਨ ਤੋਂ ਕਾਫੀ ਦੁਖੀ ਹੈ। ਕਾਂਗਰਸ ਨੂੰ ਕਈ ਮਹੱਤਵਪੂਰਨ ਸੀਟਾਂ ਜਿਵੇਂ ਬਠਿੰਡਾ, ਸੰਗਰੂਰ ਤੇ ਗੁਰਦਾਸਪੁਰ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਨੁਕਸਾਨ ਦਾ ਜ਼ਿੰਮੇਵਾਰ ਨਵਜੋਤ ਸਿੰਘ ਸਿੱਧੂ ਨੂੰ ਠਹਿਰਾਇਆ ਹੈ। ਕੈਪਟਨ ਨੇ ਸਿੱਧੂ ਦੀ ਬੋਲੀ ਤੇ ਉਨ੍ਹਾਂ ਦੇ ਕੰਮ 'ਤੇ ਸਵਾਲ ਵੀ ਚੁੱਕੇ।

ਪੰਜਾਬ ਵਿੱਚ ਲੋਕ ਸਭਾ ਚੋਣਾਂ ਦੇ ਰੁਝਾਨਾਂ ਨੂੰ ਦੇਖਦਿਆਂ ਸਥਿਤੀ ਸਾਫ ਹੋ ਗਈ ਕਿ ਕਾਂਗਰਸ ਆਪਣੇ ਮਿਸ਼ਨ 13 ਵਿੱਚ ਸਫਲ ਨਹੀਂ ਹੋ ਰਹੀ। ਅਜਿਹੇ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੱਤਰਕਾਰ ਸੰਮੇਲਨ ਦੌਰਾਨ ਕਿਹਾ ਕਿ ਕਾਂਗਰਸ ਨੂੰ ਸ਼ਹਿਰੀ ਖੇਤਰ ਵਿੱਚ ਵੋਟਾਂ ਘੱਟ ਪਈਆਂ ਹਨ ਅਤੇ ਇਹ ਮਹਿਕਮਾ ਨਵਜੋਤ ਸਿੱਧੂ ਦੇ ਅਧਿਕਾਰ ਖੇਤਰ ਅਧੀਨ ਆਉਂਦਾ ਹੈ। ਉਨ੍ਹਾਂ ਕਿਹਾ ਕਿ ਹੁਣ ਪਾਰਟੀ ਹਾਈਕਮਾਨ ਸਿੱਧੂ 'ਤੇ ਆਖਰੀ ਫੈਸਲਾ ਲਵੇਗੀ।

ਕੈਪਟਨ ਨੇ ਇਹ ਵੀ ਕਿਹਾ ਕਿ ਜੋ ਸਿੱਧੂ ਨੇ ਬਠਿੰਡਾ ਵਿੱਚ ਬੋਲਿਆ ਉਹ ਇੱਕ ਦਿਨ ਰੁਕ ਕੇ ਬੋਲ ਦਿੰਦੇ ਤਾਂ ਪਾਰਟੀ ਨੂੰ ਨੁਕਸਾਨ ਨਾ ਹੁੰਦਾ। ਉਨ੍ਹਾਂ ਕਿਹਾ ਕਿ ਜੇਕਰ ਸਿੱਧੂ ਦੇ ਮਨ ਵਿੱਚ ਮੱਤਭੇਦ ਸਨ ਤਾਂ ਉਹ ਇੱਕ ਦਿਨ ਰੁਕ ਜਾਂਦੇ, ਉਸੇ ਦਿਨ ਕਿਉਂ ਬੋਲੇ। ਮੁੱਖ ਮੰਤਰੀ ਨੇ ਸਿੱਧੂ ਦੇ ਬੇਅਦਬੀਆਂ ਤੇ ਗੋਲ਼ੀਕਾਂਡਾਂ ਦੀ ਜਾਂਚ ਲਈ ਬਣਾਈ ਐਸਆਈਟੀ ਖ਼ਿਲਾਫ਼ ਕੀਤੀ ਬਿਆਨਬਾਜ਼ੀ 'ਤੇ ਘੇਰਦਿਆਂ ਕਿਹਾ ਕਿ ਜਦੋਂ ਉਨ੍ਹਾਂ ਐਸਆਈਟੀ ਦੇ ਗਠਨ ਦਾ ਐਲਾਨ ਕੀਤਾ ਸੀ ਤਾਂ ਸਿੱਧੂ ਨੇ ਗੋਡਿਆਂ ਭਾਰ ਹੋ ਕੇ ਧੰਨਵਾਦ ਕੀਤਾ ਸੀ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿੱਧੂ ਦੇ ਪਾਕਿਸਤਾਨ ਦੌਰੇ 'ਤੇ ਵੀ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਪਾਕਿਸਤਾਨੀ ਫ਼ੌਜ ਮੁਖੀ ਨਾਲ ਦੋਸਤੀ ਭਾਰਤੀ ਲੋਕਾਂ ਨੂੰ ਮਨਜ਼ੂਰ ਨਹੀਂ ਕਿਉਂਕਿ ਜੋ ਸਾਡੇ ਜਵਾਨਾਂ ਨੂੰ ਮਾਰਦੇ ਹਨ ਅਸੀਂ ਉਨ੍ਹਾਂ ਨੂੰ ਜੱਫੀ ਨਹੀਂ ਪਾ ਸਕਦੇ। ਮੁੱਖ ਮੰਤਰੀ ਨੇ ਮਿਸ਼ਨ 13 ਦੇ ਸਵਾਲ 'ਤੇ ਕਿਹਾ ਕਿ ਅਸੀਂ ਪਿਛਲੀ ਵਾਰ ਤਿੰਨ 'ਤੇ ਸੀ ਅਤੇ ਅੱਜ ਅੱਠ ਜਿੱਤ ਰਹੇ ਹਾਂ।

ਦੇਖੋ ਵੀਡੀਓ-