ਕੈਪਟਨ ਅਮਰਿੰਦਰ ਸਿੰਘ ਨੇ ਨੋਟਬੰਦੀ ਕਰਕੇ ਮੋਦੀ ਸਰਕਾਰ ਨੂੰ ਘੇਰਿਆ। ਉਨ੍ਹਾਂ ਕਿਹਾ ਕਿ ਨੋਟਬੰਦੀ ਦੀ ਮਾਰ ਹਰ ਗਰੀਬ ਨੂੰ ਸਹਿਣੀ ਪਈ ਜਦਕਿ ਅਮੀਰ ਲੋਕਾਂ ਨੂੰ ਪਹਿਲਾਂ ਹੀ ਆਗਾਹ ਕਰ ਦਿੱਤਾ ਸੀ। ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਦਲ 'ਤੇ ਖ਼ੂਬ ਰਗੜੇ ਲਾਏ।
ਅਕਾਲੀਆਂ ਵੱਲੋਂ ਕਾਂਗਰਸ ਨੂੰ ਵਾਰ-ਵਾਰ ਆਪ੍ਰੇਸ਼ਨ ਬਲੂ ਸਟਾਰ 'ਤੇ ਘੇਰਨ ਦੇ ਜਵਾਬ ਵਿੱਚ ਕੈਪਟਨ ਨੇ ਕਿਹਾ ਕਿ ਉਸ ਸਮੇਂ ਉਹ ਵੀ ਬੇਹੱਦ ਦੁਖੀ ਹੋਏ ਸਨ ਤੇ ਸੰਸਦ ਛੱਡ ਕੇ ਆਪਣਾ ਰੋਸ ਵੀ ਜ਼ਾਹਰ ਕੀਤਾ ਸੀ। ਉਨ੍ਹਾਂ ਕਿਹਾ ਕਿ ਹੁਣ ਸਮਾਂ ਬਾਦਲਾਂ ਨੂੰ ਗੁਰਦੁਆਰਿਆਂ ਤੇ ਸ਼੍ਰੋਮਣੀ ਕਮੇਟੀ ਤੋਂ ਬਾਹਰ ਕੱਢਣ ਦਾ ਹੈ। ਕੈਪਟਨ ਨੇ ਇਹ ਵੀ ਕਿਹਾ ਕਿ ਅਕਾਲੀਆਂ ਨੇ ਅਕਾਲ ਤਖ਼ਤ ਨੂੰ ਆਪਣੇ ਸਿਆਸੀ ਹਿਤਾਂ ਲਈ ਵਰਤਿਆ ਹੈ।
ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਤੇ ਸੰਗਰੂਰ ਤੋਂ ਲੋਕ ਸਭਾ ਉਮਦਵਾਰ ਭਗਵੰਤ ਮਾਨ 'ਤੇ ਵੀ ਕੈਪਟਨ ਨੇ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਚੁਟਕਲਿਆਂ ਦੇ ਸਿਰ 'ਤੇ ਆਪਣੀ ਸਿਆਸਤ ਕਰ ਰਿਹਾ ਹੈ। ਕੈਪਟਨ ਨੇ ਕਿਹਾ ਕਿ ਉਹ ਸੁਖਬੀਰ ਤੇ ਹਰਸਿਮਰਤ ਦੇ ਸੰਸਦੀ ਹਲਕਿਆਂ ਵਿੱਚ ਵੀ ਜਾਣਗੇ ਤੇ ਕਾਂਗਰਸ ਦੀ ਜਿੱਤ ਪੱਕੀ ਕਰ ਕੇ ਆਉਣਗੇ।