ਨਵੀਂ ਦਿੱਲੀ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਆਪਣਾ 77ਵਾਂ ਜਨਮ ਦਿਨ ਮਨਾ ਰਹੇ ਹਨ। ਦਿੱਲੀ ਦੇ ਕਪੂਰਥਲਾ ਹਾਊਸ ਵਿੱਚ ਉਨ੍ਹਾਂ ਆਪਣੇ ਜਨਮ ਦਿਨ ਦਾ ਕੇਕ ਵੀ ਕੱਟਿਆ। ਅਮਰਿੰਦਰ ਸਿੰਘ ਦਾ ਜਨਮ 10 ਮਾਰਚ 1942 ਨੂੰ ਪਟਿਆਲਾ ਰਿਆਸਤ ਦੇ ਰਾਜਾ ਯਾਦਵਿੰਦਰ ਸਿੰਘ ਤੇ ਮਹਿਤਾਬ ਕੌਰ ਦੇ ਘਰ ਹੋਇਆ ਸੀ। ਮੁੱਖ ਮੰਤਰੀ ਐਤਵਾਰ ਨੂੰ ਦਿੱਲੀ ਵਿੱਚ ਪੰਜਾਬ ਦੇ ਲੋਕ ਸਭਾ ਉਮੀਦਵਾਰਾਂ ਦੀ ਚੋਣ ਲਈ ਰੱਖੀ ਗਈ ਪਾਰਟੀ ਦੀ ਚੋਣ ਕਮੇਟੀ ਦੀ ਬੈਠਕ ਵਿੱਚ ਸ਼ਾਮਲ ਹੋਣ ਲਈ ਉੱਥੇ ਪਹੁੰਚੇ ਸਨ। ਇਸ ਮੌਕੇ ਉਨ੍ਹਾਂ ਆਪਣੇ ਜਨਮ ਦਿਨ ਦੀਆਂ ਖ਼ੁਸ਼ੀਆਂ ਵੀ ਮਨਾਈਆਂ। ਕੈਪਟਨ ਲਈ ਖ਼ਾਸ ਗੱਲ ਇਹ ਹੈ ਕਿ ਦੋ ਸਾਲ ਪਹਿਲਾਂ ਯਾਨੀ ਸਾਲ 2017 ਨੂੰ ਅੱਜ ਦੇ ਹੀ ਦਿਨ ਪੰਜਾਬ ਵਿਧਾਨ ਸਭਾ ਦੇ ਨਤੀਜੇ ਐਲਾਨੇ ਗਏ ਸਨ। ਅਜਿਹੇ ਵਿੱਚ ਮੁੱਖ ਮੰਤਰੀ ਲਈ ਆਪਣਾ ਜਨਮ ਦਿਨ ਹੋਰ ਵੀ ਯਾਦਗਾਰ ਹੋ ਜਾਂਦਾ ਹੈ।