ਪਟਿਆਲਾ ਦੀ ਸਮਾਣਾ ਰੋਡ 'ਤੇ ਸਥਿਤ ਪਿੰਡ ਮਹਿਮੂਦਪੁਰ ਦੀ ਅਨਾਜ ਮੰਡੀ ਵਿੱਚ ਮੁੱਖ ਮੰਤਰੀ ਦੇ ਨਾਲ-ਨਾਲ ਕਾਂਗਰਸ ਦੇ ਕਈ ਵੱਡੇ ਲੀਡਰਾਂ ਨੇ ਸੰਬੋਧਨ ਕੀਤਾ। ਸਾਲ 2002 ਵਿੱਚ ਪਹਿਲੀ ਵਾਰ ਸੁਖਬੀਰ ਬਾਦਲ ਨੂੰ ਬਲੂੰਗੜਾ ਕਹਿਣ ਵਾਲੇ ਕੈਪਟਨ ਅਮਰਿੰਦਰ ਸਿੰਘ ਨੇ 17 ਸਾਲਾਂ ਬਾਅਦ ਬੁੱਧਵਾਰ ਨੂੰ ਫਿਰ ਤੋਂ ਬਲੂੰਗੜਾ ਕਹਿ ਕੇ ਬੁਲਾਇਆ। ਇਸ ਮਗਰੋਂ ਉਨ੍ਹਾਂ ਸੁਖਬੀਰ ਬਾਦਲ ਦੇ ਮੁਟਾਪੇ 'ਤੇ ਵੀ ਵਿਅੰਗ ਕੱਸਦਿਆਂ ਕਿਹਾ,"ਬਲੂੰਗੜਾ ਹੁਣ ਮੋਟਾ ਹੋ ਗਿਐ, ਪਤਾ ਨਹੀਂ ਕੀ ਖਾਂਦੈ।" ਕੈਪਟਨ ਇੱਥੇ ਹੀ ਨਹੀਂ ਰੁਕੇ, ਉਨ੍ਹਾਂ ਹਰਸਿਮਰਤ ਬਾਦਲ ਲਈ ਕਿਹਾ,"ਇਹਦੀ ਸੇਵਾ ਤਾਂ ਹੁਣ ਮੈਂ ਕਰੂੰ।"
ਇਸ ਮਗਰੋਂ ਵਾਰੀ ਕੈਪਟਨ ਦੀ ਪਤਨੀ ਪਰਨੀਤ ਕੌਰ ਦੀ ਆਉਂਦੀ ਹੈ। ਪਰਨੀਤ ਕੌਰ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ 'ਤੇ ਸ਼ਬਦੀ ਤੀਰ ਛੱਡਦਿਆਂ ਕਿਹਾ, "ਮੋਦੀ ਦੀ ਛਾਤੀ ਇੰਨੀ ਵੱਡੀ ਹੋ ਗਈ ਹੈ ਕਿ ਉਸ ਨੂੰ ਖੜ੍ਹੇ ਹੋ ਕੇ ਹੇਠਾਂ ਕੁਝ ਨਹੀਂ ਦਿੱਸਦਾ।" ਉਨ੍ਹਾਂ ਦੇ ਪੁੱਤਰ ਰਣਇੰਦਰ ਸਿੰਘ ਨੇ ਵੀ ਆਪਣੇ ਪਿਤਾ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕਰਦਿਆਂ ਕਿਹਾ ਕਿ ਜਿਵੇਂ ਕਪਾਹ ਦੀ ਸੁੰਡੀ ਨੂੰ ਮਾਰਨ ਲਈ ਸਪਰੇਅ ਕੀਤੀ ਜਾਂਦੀ ਹੈ ਉਵੇਂ ਹੀ ਅਕਾਲੀਆਂ ਦਾ ਇਲਾਜ ਕਾਨੂੰਨੀ ਸਪਰੇਅ ਨਾਲ ਕਰੋ।
ਉੱਧਰ, ਕਾਂਗਰਸ ਦੀ ਚੋਣ ਕਮੇਟੀ ਦੇ ਚੇਅਰਮੈਨ ਤੇ ਸਾਬਕਾ ਕੈਬਨਿਟ ਮੰਤਰੀ ਲਾਲ ਸਿੰਘ ਦੀ ਜ਼ੁਬਾਨ ਵੀ ਕਾਬੂ ਵਿੱਚ ਨਾ ਰਹੀ। ਉਨ੍ਹਾਂ ਕਿਹਾ ਕਿ ਪਟਿਆਲਾ ਤੋਂ ਅਕਾਲੀ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਨੂੰ ਘਸਾ ਦੇਣ ਦੀ ਧਮਕੀ ਦੇ ਦਿੱਤੀ। ਇਸ ਤੋਂ ਪਹਿਲਾਂ ਬੀਤੇ ਦਿਨ ਰਾਜਾ ਵੜਿੰਗ ਨੇ ਸੁਖਬੀਰ ਬਾਦਲ ਨੂੰ ਬਾਬਰ ਤੇ ਜਨਰਲ ਡਾਇਰ ਦੱਸਿਆ ਸੀ। ਉੱਧਰ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੀ ਮੁੱਖ ਮੰਤਰੀ ਨੂੰ ਕਈ ਵਾਰ ਸ਼ਰਾਬੀ, ਨਿਕੰਮਾ ਤੇ ਨਖਿੱਧ ਕਹਿ ਚੁੱਕੇ ਹਨ।
ਸਿਆਸਤਦਾਨਾਂ ਵੱਲੋਂ ਅਜਿਹੇ ਸ਼ਬਦਾਵਲੀ ਦੀ ਵਰਤੋਂ ਬੇਸ਼ੱਕ ਵੋਟਰਾਂ ਤੇ ਵਰਕਰਾਂ ਨੂੰ ਉਕਸਾਉਣ ਲਈ ਕੀਤੀ ਜਾਂਦੀ ਹੋਵੇ, ਪਰ ਲੋਕਾਂ ਨੂੰ ਆਪਣੇ ਪੱਧਰ ਤੋਂ ਹੇਠਾਂ ਨਹੀਂ ਜਾਣਾ ਚਾਹੀਦਾ।