ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਕੋਲ ਬਾਦਲਾਂ ਨੂੰ ਟਿਕਾਣੇ ਲਾਉਣ ਦੀ ਪੇਸ਼ਕਸ਼ ਕਰਨ ਵਾਲੇ ਜਗਮੀਤ ਬਰਾੜ ਨੇ ਖ਼ੁਦ ਨੂੰ ਬਾਦਲਾਂ ਦੇ ਪੈਰੀਂ ਸੁੱਟ ਦਿੱਤਾ ਹੈ। ਕੈਪਟਨ ਨੇ ਬਰਾੜ ਵੱਲੋਂ ਉਨ੍ਹਾਂ ਨੂੰ ਵ੍ਹੱਟਸਐਪ ਰਾਹੀਂ ਭੇਜੇ ਸੁਨੇਹੇ ਵੀ ਜਾਰੀ ਕੀਤੇ ਜਿਸ ਵਿੱਚ ਉਹ ਕਾਂਗਰਸ ਵਿੱਚ ਸ਼ਾਮਲ ਹੋਣ ਲਈ ਉਤਾਵਲੇ ਹੁੰਦੇ ਦਿਖਾਈ ਦੇ ਰਹੇ ਹਨ।



ਕੈਪਟਨ ਵੱਲੋਂ ਜਾਰੀ ਸੁਨੇਹਿਆਂ ਵਿੱਚ ਜਗਮੀਤ ਬਰਾੜ ਕਹਿ ਰਹੇ ਹਨ ਕਿ ਜੇਕਰ ਕਾਂਗਰਸ ਉਨ੍ਹਾਂ ਨੂੰ ਪਾਰਟੀ ਵਿੱਚ ਵਾਪਸ ਲੈਂਦੀ ਹੈ ਤਾਂ ਉਹ ਬਾਦਲਾਂ ਨੂੰ ਟਿਕਾਣੇ ਲਾਉਣਗੇ। ਉਨ੍ਹਾਂ ਮੰਤਰੀ ਨਵਜੋਤ ਸਿੱਧੂ ਨੂੰ ਕੌਮੀ ਪੱਧਰ 'ਤੇ ਚੋਣ ਪ੍ਰਚਾਰ ਵਿੱਚ ਰੁੱਝੇ ਰਹਿਣ ਦੀ ਗੱਲ ਕਰਦਿਆਂ ਕਿਹਾ ਕਿ ਉਹ ਕੈਪਟਨ ਨੂੰ ਮਜ਼ਬੂਤ ਕਰਨ ਦਾ ਕੰਮ ਕਰਨਗੇ।



ਜਗਮੀਤ ਨੇ ਕਾਂਗਰਸ ਨੂੰ ਇਹ ਵੀ ਕਿਹਾ ਕਿ ਜੇਕਰ ਪਾਰਟੀ ਨੂੰ ਬਠਿੰਡਾ ਤੋਂ ਮਜ਼ਬੂਤ ਸਿੱਖ ਚਿਹਰਾ ਨਹੀਂ ਮਿਲ ਰਿਹਾ ਤਾਂ ਉਹ ਉੱਥੋਂ ਚੋਣ ਲੜਨ ਲਈ ਵੀ ਤਿਆਰ ਹੈ। ਮੁੱਖ ਮੰਤਰੀ ਨੇ ਜਗਮੀਤ ਬਰਾੜ ਬਾਰੇ ਕਿਹਾ ਕਿ ਉਹ ਸਿਆਸਤ ਵਿੱਚ ਆਉਣ ਲਈ ਇੰਨੇ ਕਾਹਲੇ ਸਨ ਕਿ ਕਿਸੇ ਵੀ ਢੰਗ ਨਾਲ ਇਸ ਨੂੰ ਹਾਸਲ ਕਰਨਾ ਚਾਹੁੰਦੇ ਸਨ। ਕੈਪਟਨ ਨੇ ਕਿਹਾ ਕਿ ਅਜਿਹੇ ਮੌਕਾਪ੍ਰਸਤ ਲੋਕਾਂ ਲਈ ਕਾਂਗਰਸ ਵਿੱਚ ਕੋਈ ਥਾਂ ਵੀ ਨਹੀਂ।