ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਭਾਰਤੀ ਜਨਤਾ ਪਾਰਟੀ (ਭਾਜਪਾ) 'ਤੇ ਆਪਣੇ ਰਾਜਨੀਤਿਕ ਹਿੱਤਾਂ ਦੀ ਪੂਰਤੀ ਲਈ ਜਾਤੀ ਆਧਾਰ 'ਤੇ ਸਮਾਜ ਵਿਚ ਵਖਰੇਵੇਂ ਪਾਉਣ ਦੀ ਕੋਸ਼ਿਸ਼ ਕਰਨ ਦਾ ਦੋਸ ਲਗਾਉਂਦਿਆਂ ਕਿਹਾ ਕਿ ਉਹ ਭਾਜਪਾ ਨੂੰ ਇਹ ਸੌੜਾ ਏਜੰਡਾ ਸੂਬੇ 'ਤੇ ਥੋਪਣ ਨਹੀਂ ਦੇਣਗੇ।


ਭਾਜਪਾ ਵੱਲੋਂ ਕੱਲ੍ਹ ਬਗੈਰ ਇਜਾਜਤ ਕੀਤੇ 'ਦਲਿਤ ਇਨਸਾਫ ਯਾਤਰਾ'ਬਾਰੇ ਮੁੱਖ ਮੰਤਰੀ ਨੇ ਕਿਹਾ, 'ਮੈਂ ਉਨ੍ਹਾਂ ਨੂੰ ਕਿਸੇ ਵੀ ਕੀਮਤ 'ਤੇ ਪੰਜਾਬ ਦੇ ਸਾਂਤਮਈ ਮਾਹੌਲ ਨੂੰ ਵਿਗਾੜਨ ਨਹੀਂ ਦੇਵਾਂਗਾ।' ਉਨ੍ਹਾਂ ਕਿਹਾ ਕਿ ਇਹ ਵੰਡੀਆਂ ਪਾਉਣ ਵਾਲੀਆਂ ਚਾਲਾਂ ਪੰਜਾਬ ਵਿਚ ਕਦੇ ਵੀ ਸਫਲ ਨਹੀਂ ਹੋਣਗੀਆਂ, ਜਿਸ ਦੇ ਲੋਕ ਆਪਣੀ ਸਮੂਹਿਕ ਵਿਕਾਸ ਲਈ ਖੁਸ਼ੀ ਨਾਲ ਇਕੱਠੇ ਰਹਿ ਰਹੇ ਹਨ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਜਪਾ ਨੂੰ ਦਲਿਤ ਅਧਿਕਾਰਾਂ ਬਾਰੇ ਗੱਲ ਕਰਨ ਦਾ ਕੋਈ ਨੈਤਿਕ ਅਧਿਕਾਰ ਨਹੀਂ ਹੈ, ਜਿਸ ਨੂੰ ਭਾਜਪਾ ਆਪਣੀ ਸੱਤਾ ਦੌਰਾਨ ਬੇਰਹਿਮੀ ਨਾਲ ਦਰੜਦੀ ਰਹੀ ਹੈ। ਉਨ੍ਹਾਂ ਹੈਰਾਨ ਕਰਨ ਵਾਲੇ ਅੰਕੜਿਆਂ ਵੱਲ ਇਸ਼ਾਰਾ ਕੀਤਾ ਜੋ ਦਰਸਾਉਂਦੇ ਹਨ ਕਿ ਭਾਜਪਾ ਦੀ ਸੱਤਾ ਦੌਰਾਨ ਉੱਤਰ ਪ੍ਰਦੇਸ ਵਿਚ ਅਨੁਸੂਚਿਤ ਜਾਤੀ ਦੇ ਲੋਕਾਂ ‘ਤੇ ਹੋਏ ਅੱਤਿਆਚਾਰ ਦੇਸ਼ ਵਿਚ ਹੋਏ ਅੱਤਿਆਚਾਰਾਂ ਦਾ 25 ਫੀਸਦ ਤੋਂ ਵੱਧ ਹਿੱਸਾ ਹਨ ਅਤੇ ਸਾਲ 2018 ਵਿੱਚ ਅਜਿਹੀਆਂ ਸਭ ਤੋਂ ਵੱਧ ਘਟਨਾਵਾਂ ਦਰਜ ਹੋਈਆਂ ਹਨ।



ਉਨ੍ਹਾਂ ਭਾਜਪਾ ਨੂੰ ਪੁੱਛਿਆ, ''ਕੀ ਇਹ ਤੁਹਾਡੀ ਦਲਿਤਾਂ ਲਈ ਨਿਆਂ ਦੀ ਪਰਿਭਾਸ਼ਾ ਹੈ? ਕੀ ਤੁਸੀਂ ਇਹੋ ਪੰਜਾਬ ਦੀਆਂ ਅਨੁਸੂਚਿਤ ਜਾਤੀਆਂ ਨੂੰ ਦੇਣਾ ਚਾਹੁੰਦੇ ਹੋ?''



ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਮਾਰੂ, ਕਿਸਾਨੀ ਵਿਰੋਧੀ ਅਤੇ ਗੈਰ ਸੰਵਿਧਾਨਕ ਖੇਤੀ ਕਾਨੂੰਨਾਂ ਦੇ ਸਬੰਧ ਵਿਚ ਪੂਰੀ ਤਰ੍ਹਾਂ ਫਸ ਗਈ ਹੈ ਅਤੇ ਲੋਕਾਂ ਦਾ ਧਿਆਨ ਭਟਕਾਉਣ ਦੇ ਇਕੋ-ਇਕ ਉਦੇਸ਼ ਨਾਲ ਨਾਟਕ ਅਤੇ ਗਲਤ ਪ੍ਰਚਾਰਾਂ ਵਿਚ ਲੱਗੀ ਹੋਈ ਹੈ।

ਉਨ੍ਹਾਂ ਅੱਗੇ ਕਿਹਾ ਕਿ ਪੰਜਾਬੀ ਭਾਜਪਾ ਦੀਆਂ ਚਾਲਾਂ ਵਿੱਚ ਨਹੀਂ ਆਉਣਗੇ। ਇਸ ਸਮੇਂ ਸੂਬੇ ਦੀ ਵਿਧਾਨ ਸਭਾ ਵਿਚ ਭਾਜਪਾ ਦੇ ਸਿਰਫ਼ 2 ਵਿਧਾਇਕ ਹਨ ਪਰ ਸੂਬੇ ਵਿਚ ਆਪਣੀ ਸਥਿਤੀ ਨੂੰ ਮਜ਼ਬੂਤ ਕਰਨ ਲਈ ਭਾਜਪਾ ਵੱਲੋਂ ਘਟੀਆ ਹੱਥਕੰਢੇ ਅਪਣਾਏ ਜਾ ਰਹੇ ਹਨ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904