ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਾਅਵਾ ਕੀਤਾ ਹੈ ਕਿ ਸੂਬੇ ਭਰ ਵਿੱਚ ਲਿੰਕ ਸੜਕਾਂ ਦੀ ਮੁਰੰਮਤ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ ਤੇ ਅਗਲੇ ਇੱਕ ਸਾਲ ਵਿੱਚ ਇਹ ਮੁਕੰਮਲ ਹੋ ਜਾਏਗਾ। ਇੱਕ ਸਵਾਲ ਦਾ ਜਵਾਬ ਦਿੰਦੇ ਹੋਏ ਕੈਪਟਨ ਨੇ ਕਿਹਾ ਕਿ 34,977 ਕਿਲੋਮੀਟਰ ਲਿੰਕ ਸੜਕਾਂ ਤੇ ਮੁਰੰਮਤ ਦਾ ਕੰਮ ਚੱਲ ਰਿਹਾ ਹੈ ਜੋ ਅਪ੍ਰੈਲ ਤੱਕ ਪੂਰਾ ਹੋਣ ਦੀ ਸੰਭਾਵਨਾ ਹੈ।



ਇਸ ਤੋਂ ਇਲਾਵਾ 6,162 ਕਿਲੋਮੀਟਰ ਦੀ ਇੱਕ ਹੋਰ ਲਿੰਕ ਸੜਕਾਂ ਦਾ ਕੰਮ ਅਗਲੇ ਵਿੱਤ ਸਾਲ ਤੱਕ ਖ਼ਤਮ ਹੋਣ ਦੀ ਉਮੀਦ ਹੈ। ਇਸ ਦੇ ਨਾਲ ਹੀ 17,600 ਕਿਲੋਮੀਟਰ ਲਿੰਕ ਸੜਕਾਂ ਤੇ 82 ਕਰੋੜ ਦੀ ਲਾਗਤ ਨਾਲ ਪੈਚ ਵਰਕ ਕਰਨ ਦਾ ਕੰਮ ਵੀ ਸ਼ੁਰੂ ਕੀਤਾ ਗਿਆ ਹੈ।

ਦੱਸ ਦੇਈਏ ਕਿ ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ 1 ਮਾਰਚ ਤੋਂ 10 ਮਾਰਚ ਤੱਕ ਜਾਰੀ ਹੈ। ਇਸ ਦੌਰਾਨ 5 ਮਾਰਚ ਨੂੰ ਪੰਜਾਬ ਦਾ ਬਜਟ ਪੇਸ਼ ਕੀਤਾ ਜਾਏਗਾ। ਸੈਸ਼ਨ ਦਾ ਦੂਜਾ ਦਿਨ ਵੀ ਕਾਫੀ ਹੰਗਾਮੇਦਾਰ ਰਿਹਾ ਸੀ।