ਚੰਡੀਗੜ੍ਹ: ਕੈਪਟਨ ਸਰਕਾਰ ਜਿੱਥੇ ਆਪਣੀਆਂ ਉਪਲੱਬਧਿਆਂ ਗਿਣਾ ਕੇ ਪਿੱਠ ਥਾਪੜ ਰਹੀ ਹੈ ਉੱਥੇ ਹੀ ਵਿਰੋਧੀ ਧਿਰਾਂ ਕਾਂਗਰਸ ਤੇ ਹਮਲਾਵਰ ਹਨ।ਮੰਗਲਵਾਰ ਨੂੰ ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੇ ਦੂਜੇ ਦਿਨ ਗਵਰਨਰ ਦੇ ਭਾਸ਼ਣ ਤੇ ਬੋਲਦੇ ਹੋਏ ਵਿਰੋਧੀ ਪਾਰਟੀਆਂ ਨੇ ਕਾਂਗਰਸ ਤੇ ਵਾਅਦਾਖਿਲਾਫੀ ਦੇ ਇਲਜ਼ਾਮ ਲਾਏ ਹਨ।


ਉਧਰ ਕਾਂਗਰਸ ਦੇ MLA ਰਾਜ ਕੁਮਾਰ ਵੇਰਕਾ ਨੇ ਵੀ ਸ਼੍ਰੋਮਣੀ ਅਕਾਲੀ ਦਲ ਤੇ ਸ਼ੁਰੂਆਤ ਵਿੱਚ ਖੇਤੀ ਕਾਨੂੰਨਾਂ ਦੀ ਹਿਮਾਇਤ ਕਰਨ ਦਾ ਆਰੋਪ ਲਗਾਇਆ।ਉਨ੍ਹਾਂ ਦਿੱਲੀ ਦੀ ਆਪ ਸਰਕਾਰ ਤੇ ਵੀ ਕਿਸਾਨਾਂ ਲਈ ਕੁਝ ਖਾਸ ਨਾ ਕਰਨ ਦੇ ਇਲਜ਼ਾਮ ਮੜ੍ਹੇ।ਇਸ ਤੇ ਪ੍ਰਤੀਕਿਰਆ ਦਿੰਦੇ ਹੋਏ ਆਪ ਦੇ ਵਿਰੋਧ ਧਿਰ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ, "ਆਪ ਨੇ ਅੰਦੋਲਨਕਾਰੀ ਕਿਸਾਨਾਂ ਨੂੰ ਐਂਬੂਲੰਸ ਸੇਵਾ ਦੇ ਨਾਲ-ਨਾਲ ਹੋਰ ਕਈ ਚੀਜ਼ਾ ਰਾਹੀਂ ਮਦਦ ਕੀਤੀ ਹੈ।" ਉਨ੍ਹਾਂ ਨੇ ਵੇਰਕਾ ਨੂੰ ਨਾਲ ਚੱਲ ਕੇ ਵੇਖਣ ਦੀ ਵੀ ਸੱਦਾ ਦਿੱਤਾ।


ਵੇਰਕਾ ਨੇ ਕਿਹਾ, "ਵਿਰੋਧੀ ਪਾਰਟੀਆਂ ਬਿਆਨਬਾਜ਼ੀ ਕਰਦੀਆਂ ਰਹਿੰਦੀਆਂ ਹਨ ਕਿ ਕਾਂਗਰਸ ਸਰਕਾਰ ਕਿਸਾਨ ਅੰਦੋਲਨ ਨੂੰ ਸਮਰਥਨ ਨਹੀਂ ਦੇ ਰਹੀ, ਪਰ ਪੰਜਾਬ ਹੀ ਇੱਕ ਐਸਾ ਸੂਬਾ ਹੈ ਜਿੱਥੇ ਕਿਸਾਨਾਂ ਨੂੰ ਬਿਜਲੀ ਅਤੇ ਪਾਣੀ ਅਜੇ ਵੀ ਮੁਫ਼ਤ ਦਿੱਤਾ ਜਾ ਰਿਹਾ ਹੈ।"


ਉਧਰ ਲੋਕ ਇਨਸਾਫ ਪਾਰਟੀ ਦੇ MLA ਸਿਮਰਜੀਤ ਬੈਂਸ ਨੇ ਕਿਹਾ ਕਿ ਕੇਂਦਰ ਵਲੋਂ ਲਿਆਂਦੇ ਖੇਤੀ ਕਾਨੂੰਨਾਂ ਦਾ ਬਸ ਇੱਕੋ ਹੱਲ ਹੈ ਵਿਰੋਧ।ਉਨ੍ਹਾਂ ਕਿਹਾ ਕਿ, "26 ਜਨਵਰੀ ਦੀ ਘਟਨਾ ਤੋਂ ਬਾਅਦ ਅੰਦੋਲਨ ਨੂੰ ਢਾਹ ਲੱਗੀ ਹੈ।ਇਸ ਲਈ ਮੈਂ ਬੇਨਤੀ ਕਰਦਾਂ ਹਾਂ ਕਿ ਹਾਊਸ ਦੇ 115 ਮੈਂਬਰ ਬੀਜੇਪੀ ਨੂੰ ਛੱਡ ਕੇ ਮਤਾ ਪਾਸ ਕਰਨ ਤਾਂ ਜੋ ਅੰਦੋਲਨ ਨੂੰ ਮਜ਼ਬੂਤ ਕੀਤਾ ਜਾ ਸਕੇ।"