ਚੰਡੀਗੜ੍ਹ: ਆਮ ਆਦਮੀ ਪਾਰਟੀ ਦੀ ਟਿਕਟ ਤੋਂ 2017 ਦੀ ਵਿਧਾਨ ਸਭਾ ਚੋਣ ਲੜ ਚੁੱਕੀ ਮਰਹੂਮ ਅਕਾਲੀ ਆਗੂ ਕੈਪਟਨ ਕੰਵਲਜੀਤ ਸਿੰਘ ਦੀ ਪਤਨੀ ਸਰਬਜੀਤ ਕੌਰ ਮੁੜ ਤੋਂ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਹਨ। ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਰਬਜੀਤ ਕੌਰ ਤੇ ਉਨ੍ਹਾਂ ਦੀ ਪੁੱਤਰੀ ਮਨਪ੍ਰੀਤ ਕੌਰ ਡੌਲੀ ਅਕਾਲੀ ਦਲ ਵਿੱਚ ਸ਼ਾਮਲ ਕਰਵਾਇਆ।

ਪੰਚਕੂਲਾ ਵਿੱਚ ਸਾਬਕਾ ਅਕਾਲੀ ਆਗੂ ਦੀ ਰਿਹਾਇਸ਼ 'ਤੇ ਸੁਖਬੀਰ ਸਿੰਘ ਬਾਦਲ ਨੇ ਸਮੁੱਚੇ ਪਰਿਵਾਰ ਦਾ ਪਾਰਟੀ ਵਿੱਚ ਮੁੜ ਸਵਾਗਤ ਕਰਦਿਆਂ ਕਿਹਾ ਕਿ ਸਵਰਗੀ ਕੈਪਟਨ ਕੰਵਲਜੀਤ ਸਿੰਘ ਅਕਾਲੀ ਦਲ ਦੇ ਥੰਮ੍ਹ ਸਨ। ਉਨ੍ਹਾਂ ਕਿਹਾ ਕਿ ਸਵਰਗੀ ਆਗੂ ਦੇ ਪਰਿਵਾਰ ਦੇ ਦੁਬਾਰਾ ਪਾਰਟੀ ਵਿੱਚ ਆਉਣ ਨਾਲ ਅਕਾਲੀ ਦਲ ਨੂੰ ਕਾਫੀ ਮਜ਼ਬੂਤੀ ਮਿਲੀ ਹੈ ਤੇ ਡੇਰਾਬੱਸੀ ਹਲਕੇ 'ਚ ਅਕਾਲੀ ਦਲ ਹੋਰ ਵੀ ਮਜ਼ਬੂਤ ਹੋ ਗਿਆ ਹੈ।

ਮਨਪ੍ਰੀਤ ਕੌਰ ਡੌਲੀ ਨੇ ਕਿਹਾ ਕਿ ਦੁਬਾਰਾ ਅਕਾਲੀ ਦਲ ਵਿੱਚ ਆਉਣਾ ਉਨ੍ਹਾਂ ਨੂੰ ਘਰ ਵਾਪਸੀ ਵਾਂਗ ਲੱਗ ਰਿਹਾ ਹੈ। ਅਕਾਲੀ-ਭਾਜਪਾ ਦੇ ਉਮੀਦਵਾਰ ਸਰਦਾਰ ਸੁਰਜੀਤ ਸਿੰਘ ਰੱਖੜਾ ਲਈ ਚੋਣ ਪ੍ਰਚਾਰ ਕਰਨ ਸਬੰਧੀ ਟਿੱਪਣੀ ਕਰਦਿਆਂ ਉਹ ਪਟਿਆਲਾ ਤੋਂ ਰੱਖੜਾ ਨੂੰ ਜਿਤਾਉਣ ਲਈ ਪੂਰਾ ਜ਼ੋਰ ਲਾਉਣਗੇ।