ਚੰਡੀਗੜ੍ਹ: ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰੇਲਵੇ ਵਲੋਂ ਮਾਲ ਗੱਡੀਆਂ ਦੀ ਆਵਾਜਾਈ ਨੂੰ ਯਾਤਰੀ ਗੱਡੀਆਂ ਨਾਲ ਜੋੜਣ ਦੇ ਫੈਸਲੇ ਦੀ ਸਖ਼ਤ ਨਿਖੇਧੀ ਕੀਤੀ ਹੈ।ਕੈਪਟਨ ਨੇ ਕੇਂਦਰ ਦੇ ਇਸ ਫੈਸਲੇ ਨੂੰ ਤਰਕਹੀਣ ਦੱਸਿਆ ਹੈ। ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਇਸ ਤਰ੍ਹਾਂ ਕਿਸਾਨਾਂ ਦੇ ਗੁੱਸੇ ਨੂੰ ਵਧਾ ਰਹੀ ਹੈ ਜੋ ਆਮ ਜਨਤਾ ਦੇ ਹਿੱਤਾਂ ਲਈ ਟਰੈਕ ਖਾਲੀ ਕਰ ਚੁੱਕੇ ਹਨ।


ਕੈਪਟਨ ਅਮਰਿੰਦਰ ਨੇ ਕਿਹਾ, ਮਾਲ ਅਤੇ ਯਾਤਰੀ ਰੇਲ ਗੱਡੀਆਂ ਦੀ ਆਵਾਜਾਈ ਨੂੰ ਜੋੜਨ ਦਾ ਕੋਈ ਤੁਕ ਨਹੀਂ ਬਣਦਾ।ਜੋ ਰੇਲਵੇ ਮਾਲ ਗੱਡੀਆਂ ਦੀ ਮੁਅੱਤਲੀ ਨੂੰ ਜਾਰੀ ਰੱਖਣ ਲਈ ਬਹਾਨੇ ਵਜੋਂ ਦੱਸ ਰਹੀ ਹੈ।ਉਨ੍ਹਾਂ ਨੇ ਕਿਹਾ ਕਿ ਜੋ ਯਾਤਰੀ ਪੰਜਾਬ ਆਉਣਾ ਚਾਹੁੰਦੇ ਹਨ ਉਹ ਆਸ ਪਾਸ ਦੇ ਰਾਜਾਂ ਜਿਵੇਂ ਕਿ ਹਰਿਆਣਾ ਅਤੇ ਚੰਡੀਗੜ੍ਹ ਦੇ ਸਟੇਸ਼ਨਾਂ ਤੱਕ ਰੇਲ ਰਾਹੀਂ ਯਾਤਰਾ ਕਰ ਸਕਦੇ ਹਨ। ਜਿੱਥੋਂ ਉਹ ਕੁਝ ਘੰਟਿਆਂ ਵਿੱਚ ਸੜਕ ਰਾਹੀਂ ਪੰਜਾਬ ਵਿੱਚ ਆਪਣੀਆਂ ਮੰਜ਼ਿਲਾਂ ਤਕ ਪਹੁੰਚ ਸਕਦੇ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਇਹ ਭਾਜਪਾ ਦੀ ਲੀਡਰਸ਼ਿਪ ਇਸ ਮੁੱਦੇ ‘ਤੇ ਪੰਜਾਬ ਵਿਰੋਧੀ ਰੁਖ ਨਾਲ ਕਿਸਾਨਾਂ ਨੂੰ ਭੜਕਾ ਰਹੀ ਹੈ।ਉਨ੍ਹਾਂ ਕਿਹਾ ਕਿ "ਰੇਲਵੇ 'ਤੇ ਸਵਾਲ ਉਠਾਉਣ ਅਤੇ ਮਾਲ ਗੱਡੀਆਂ ਨੂੰ ਚਾਲੂ ਕਰਵਾਉਣ ਲਈ ਕੇਂਦਰ ਸਰਕਾਰ ਨੂੰ ਪ੍ਰੇਰਿਤ ਕਰਨ ਦੀ ਬਜਾਏ ਭਾਜਪਾ ਲੀਡਰਸ਼ਿਪ ਪੰਜਾਬ ਅਤੇ ਗੁਆਂਢੀ ਰਾਜਾਂ ਦੇ ਲੋਕਾਂ ਦੀ ਭਲਾਈ ਦੀ ਕੀਮਤ 'ਤੇ ਗੰਦੀ ਰਾਜਨੀਤੀ ਵਿੱਚ ਉਲਝੇ ਹੋਏ ਹਨ।"