ਗਵਾਲੀਅਰ ਕਿਲ੍ਹਾ ਮੱਧ ਭਾਰਤ ਦੇ ਸਭ ਤੋਂ ਪੁਰਾਣੇ ਤੇ ਵਿਸ਼ਾਲ ਕਿਲ੍ਹਿਆਂ 'ਚੋਂ ਇੱਕ ਹੈ। ਸਤਵੀਂ ਸਦੀ ‘ਚ ਰਿਆਸਤ ਗਵਾਲੀਅਰ ਦੇ ਨਾਂ ਤੋਂ ਹੋਂਦ ‘ਚ ਆਇਆ ਇਹ ਕਿਲ੍ਹਾ ਬਲੂਆ ਪੱਥਰ ਦੀ ਤਕਰੀਬਨ 300 ਤੋਂ 400 ਫੁੱਟ ਉੱਚੀ ਸਿੱਧੀ ਚਟਾਨ 'ਤੇ ਉਸਰਿਆ ਹੋਇਆ ਹੈ। ਕਰਨਲ ਕਨਿੰਘਮ ਨੇ ਇਸ ਕਿਲ੍ਹੇ ਨੂੰ ਅਕਾਸ਼ ਹੇਠਲਾ ਥੰਮ ਦੱਸਕੇ ਇਸ ਦੀ ਸ਼ਲਾਘਾ ਕੀਤੀ ਸੀ। ਚਿਤੌੜ੍ਹਗੜ ਤੋਂ ਬਾਅਦ ਸ਼ਾਇਦ ਹੀ ਕੋਈ ਹੋਰ ਕਿਲ੍ਹੇ ਦੀ ਲੰਬਾਈ 8 ਤੋਂ 10 ਮੀਲ ਤੇ ਚੌੜਾਈ 5 ਤੋਂ 6 ਮੀਲ ਦੇ ਕਰੀਬ ਹੋਵੇ। ਚਟਾਨਾਂ ਨੂੰ ਕੱਟ ਕੇ ਬਣਾਈਆਂ ਸੁਰੱਖਿਆ ਦੀਵਾਰਾਂ ਨੂੰ ਛੋਟੇ ਵੱਡੇ ਤਿਰਛੇ ਆਰੀਦਾਰ ਮੋਰਿਆਂ ਨਾਲ ਸਜਾਇਆ ਗਿਆ ਹੈ। ਸਾਰੀਆਂ ਦੀਵਾਰਾਂ ‘ਚ ਲੱਖਾਂ ਦੀ ਗਿਣਤੀ ‘ਚ ਮੋਰੇ ਹਨ। ਜੰਗਾਂ ਯੁੱਧਾਂ ਸਮੇਂ ਇਹ ਮੋਰੇ ਤੀਰ ਤੇ ਗੋਲੀਆਂ ਦਾਗਣ ਦੇ ਕੰਮ ਆਉਂਦੇ ਸੀ।
ਕਿਲ੍ਹੇ ਦੇ ਅੰਦਰ ਤੋਮਰ ਮਾਨ ਸਿੰਘ ਮਹਿਲ, ਜਹਾਂਗੀਰ ਮਹਿਲ, ਗੁਜਰੀ ਮਹਿਲ, ਸ਼ਾਹ ਜਹਾਂ ਮਹਿਲ, ਮੁਰਾਦ ਦਾ ਮਕਬਰਾ, ਤੇਲੀ ਮੰਦਰ, ਸਾਸ ਬਹੂ ਮੰਦਰ, ਥੰਮ ਤੇ ਗੁਰਦੁਆਰਾ ਦਾਤਾ ਬੰਦੀ ਛੋੜ ਸਾਹਿਬ ਵਿਸ਼ੇਸ਼ ਸਥਾਨ ਹਨ। ਇਨ੍ਹਾਂ 'ਚ ਸਦੀਆਂ ਦਾ ਇਤਿਹਾਸ ਸਾਂਭਿਆ ਪਿਆ ਹੈ। ਮੁਗਲ ਰਾਜ ਦੀ ਸਥਾਪਤੀ ਨਾਲ ਹਿੰਦੋਸਤਾਨ ਦੀਆਂ ਰਿਆਸਤਾਂ, ਸੱਭਿਆਚਾਰ ਤੇ ਪ੍ਰਬੰਧ 'ਚ ਬਹੁਤ ਬਦਲਾਅ ਆਇਆ। ਗਵਾਲੀਅਰ ਦਾ ਸ਼ਾਹੀ ਕਿਲ੍ਹਾ ਜੋ ਆਪਣੀ ਸ਼ਾਨੋ-ਸ਼ੋਕਤ ਲਈ ਪ੍ਰਸਿੱਧ ਸੀ, ਉਹ ਸ਼ਾਹੀ ਕੈਦਖਾਨੇ ਵਜੋਂ ਜਾਣਿਆ ਜਾਣ ਲੱਗਾ। ਸਮੇਂ-ਸਮੇਂ ਦੌਰਾਨ ਵੱਖ-ਵੱਖ ਸ਼ਾਸਕਾਂ ਨੇ ਕਿਲ੍ਹੇ ਨੂੰ ਪ੍ਰਭਾਵਿਤ ਕੀਤਾ। ਮੁਗਲ ਕਾਲ ਦੌਰਾਨ ਬਾਦਸ਼ਾਹਾਂ ਨੇ ਆਪਣੇ ਵਿਰੋਧੀ ਰਿਆਸਤਾਂ ਦੇ ਰਾਜਿਆਂ ਨੂੰ ਇਸ ਕਿਲ੍ਹੇ 'ਚ ਨਜ਼ਰਬੰਦ ਕਰਨਾ ਅਰੰਭ ਕਰ ਦਿੱਤਾ।
ਬਾਦਸ਼ਾਹ ਜਹਾਂਗੀਰ ਦੇ ਸ਼ਾਸ਼ਨ ਦੌਰਾਨ ਪਹਾੜੀ ਤੇ ਰਾਜਪੂਤ ਰਾਜੇ ਇਸ ਕਿਲ੍ਹੇ 'ਚ ਨਜ਼ਰਬੰਦ ਸੀ। ਕਿਲ੍ਹਾ ਖੌਫਨਾਕ ਹੋ ਗਿਆ, ਜੋ ਇਸ ਕਿਲ੍ਹੇ 'ਚ ਜਾਂਦਾ ਵਾਪਸ ਨਾ ਪਰਤਦਾ। ਕਿਲ੍ਹੇ 'ਚ ਨਜ਼ਰਬੰਦ ਰਾਜੇ ਅਨੇਕਾ ਦੁੱਖ ਸਹਾਰਦੇ ਪਰ ਆਸ ਦੀ ਕਿਰਨ ਕਿੱਧਰੋਂ ਨਾ ਮਿਲਦੀ। ਅਜਿਹੇ 'ਚ ਛੇਵੀਂ ਪਾਤਸ਼ਾਹੀ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦਾ ਗਵਾਲੀਅਰ ਦੇ ਕਿਲ੍ਹੇ ‘ਚ ਆਉਣਾ ਮਹਾਨ ਘਟਨਾ ਸੀ। ਇਤਿਹਾਸ ਦੱਸਦਾ ਹੈ ਕਿ ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਤੋਂ ਬਾਅਦ ਜਦੋਂ ਗੁਰੂ ਹਰਗੋਬਿੰਦ ਸਾਹਿਬ ਗੁਰਗੱਦੀ 'ਤੇ ਬਿਰਾਜਮਾਨ ਹੋਏ ਤਾਂ ਉਨ੍ਹਾਂ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ। ਜਿੱਥੇ ਦੁਨਿਆਵੀ ਤਖ਼ਤਾਂ ਦੇ ਮੁਕਾਬਲੇ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਕੀਤੀ ਉੱਥੇ ਗੁਰੂ ਘਰ 'ਚ ਦਿੱਤੀ ਜਾਣ ਵਾਲੀ ਭੇਟਾ ‘ਚ ਚੰਗੇ ਹਥਿਆਰ, ਘੋੜੇ ਤੇ ਨੌਜਵਾਨ ਸ਼ਾਮਲ ਕਰਨ ਲਈ ਕਿਹਾ। ਛੇਵੇਂ ਪਾਤਸ਼ਾਹ ਨੇ ਆਪਣੀ ਫੌਜ ਤਿਆਰ ਕੀਤੀ।
ਸਿੱਖਾਂ ਨੂੰ ਵਰਜਿਸ਼ ਕੁਸ਼ਤੀਆਂ ਤੇ ਘੋੜ ਸਵਾਰੀ ਕਰਨ ਦੇ ਨਾਲ ਨਾਲ ਗੱਤਕਾ ਖੇਡਣ ਦੀ ਹਦਾਇਤ ਕੀਤੀ ਗਈ ਤੇ ਆਪ ਤਖ਼ਤ 'ਤੇ ਬੈਠ ਕੇ ਲੋਕਾਈ ਦੇ ਫੈਸਲੇ ਕਰਨ ਲੱਗੇ। ਸਮੇਂ ਦੀ ਹਕੂਮਤ ਨੂੰ ਇਹ ਸਭ ਮਨਜ਼ੂਰ ਨਹੀਂ ਸੀ। ਗੁਰੂ ਸਾਹਿਬ ਦੇ ਸ਼ਾਹੀ ਠਾਠ-ਬਾਠ ਤੇ ਵੱਧਦੀ ਫੋਜ ਨੂੰ ਵੇਖ ਜਹਾਂਗੀਰ ਘਬਰਾ ਗਿਆ ਤੇ ਛੇਵੇਂ ਪਾਤਸ਼ਾਹ ਨੂੰ ਗਵਾਲੀਅਰ ਦੇ ਕਿਲ੍ਹੇ 'ਚ ਨਜ਼ਰਬੰਦ ਕਰ ਦਿੱਤਾ। ਗੁਰੂ ਸਾਹਿਬ ਦੇ ਕਿਲ੍ਹੇ ‘ਚ ਆਉਣ ਦੇ ਨਾਲ ਕਿਲ੍ਹੇ ਦੀ ਨੁਹਾਰ ਬਦਲ ਗਈ। ਮੁਰਝਾਏ ਹੋਏ ਚੇਹਰਿਆਂ ਤੇ ਆਸ ਦੀ ਕਿਰਨ ਨੇ ਮੁਸਕੁਰਾਹਟ ਲੈ ਆਂਦੀ। ਕਿਲ੍ਹੇ ਦਾ ਡਿਉੜੀਦਾਰ ਹਰਿਦਾਸ ਗੁਰੂ ਸਾਹਿਬ ਦੀ ਮਹਾਨਤਾ ਤੋਂ ਜਾਣੂ ਸੀ, ਉਹ ਵੀ ਗੁਰੂ ਸਾਹਿਬ ਦਾ ਸੇਵਕ ਹੋ ਗਿਆ।
ਪੰਜਾਬ 'ਚ ਰੇਲਾਂ ਬੰਦ ਕਰਨ ਦਾ ਮਾਮਲਾ ਪਹੁੰਚਿਆ ਹਾਈਕੋਰਟ, ਕੇਂਦਰ ਸਰਕਾਰ ਤੋਂ ਰਿਪੋਰਟ ਤਲਬ
ਕਿਲ੍ਹੇ ਦੇ ਸ਼ੈਤਾਨੀ ਵਾਤਾਵਰਨ ਨੇ ਮਾਨੋ ਮੋੜਾ ਖਾਦਾ ਤੇ ਬੰਦਗੀ ਦੀਆਂ ਲਹਿਰਾਂ ਨੇ ਕਣ ਕਣ ਨੂੰ ਮਹਿਕਣ ਲਾ ਦਿੱਤਾ। ਉੱਧਰ ਦੁਸਰੇ ਪਾਸੇ ਬਾਦਸ਼ਾਹ ਜਹਾਂਗੀਰ ਬਿਮਾਰ ਪੈ ਗਿਆ। ਜਦੋਂ ਹਕੀਮਾਂ ਤੋਂ ਕੋਈ ਫਰਕ ਨਾ ਪਿਆ ਤਾਂ ਨੂਰਜਹਾਂ ਜਹਾਂਗੀਰ ਬਾਦਸ਼ਾਹ ਨੂੰ ਨਿਜ਼ਾਮੂਦੀਨ ਓਲੀਆ ਪਾਸ ਲੈ ਕੇ ਗਈ ਜਿੱਥੇ ਸਾਂਈ ਮੀਆ ਮੀਰ ਵੀ ਮੌਜੂਦ ਸੀ। ਗੱਲਬਾਤ ਦੌਰਾਨ ਜਹਾਂਗੀਰ ਨੇ ਪੁੱਛਿਆ ਕਿ ਕੋਈ ਐਸਾ ਆਦਮੀਂ ਵੀ ਹੈ ਜਿਸ ਨੂੰ ਪੂਰਾ ਬ੍ਰਹਮ ਗਿਆਨ ਪ੍ਰਾਪਤ ਹੋਵੇ ਤਾਂ ਸਾਈਂ ਮੀਆਂ ਮੀਰ ਨੇ ਜਵਾਬ ਦਿੱਤਾ, ਹਾਂ…. ਗੁਰੂ ਹਰਗੋਬਿੰਦ ਸਾਹਿਬ ਜਿਨ੍ਹਾਂ ਨੂੰ ਬਿਨਾਂ ਕਿਸੇ ਕਾਰਨ ਗਵਾਲੀਅਰ ਦੇ ਕਿਲ੍ਹੇ ‘ਚ ਕੈਦ ਕੀਤਾ ਹੋਇਆ ਹੈ। ਜਹਾਂਗੀਰ ਨੇ ਪਛਤਾਵਾ ਕਰਦਿਆਂ ਗੁਰੂ ਸਾਹਿਬ ਦੀ ਰਿਹਾਈ ਦੇ ਹੁਕਮ ਜਾਰੀ ਕਰ ਦਿੱਤੇ। ਗੁਰੂ ਸਾਹਿਬ 2 ਸਾਲ 3 ਮਹੀਨੇ ਦੇ ਕਰੀਬ ਗਵਾਲੀਅਰ ਦੇ ਕਿਲ੍ਹੇ 'ਚ ਨਜ਼ਰਬੰਦ ਰਹੇ।
ਰਿਹਾਈ ਵੇਲੇ ਗੁਰੂ ਸਾਹਿਬ ਨੇ ਜਵਾਬ 'ਚ ਆਖਿਆ ਕਿ ਜਿੰਨਾ ਚਿਰ ਉਨ੍ਹਾਂ ਦੇ ਨਾਲ ਕਿਲ੍ਹੇ 'ਚ ਨਜ਼ਰਬੰਦ ਰਾਜੇ ਤੇ ਹੋਰ ਰਾਜਸੀ ਕੈਦੀ ਰਿਹਾਅ ਨਹੀਂ ਹੁੰਦੇ ਉਹ ਕਿਲ੍ਹੇ 'ਚੋਂ ਬਾਹਰ ਨਹੀਂ ਆਉਣਗੇ। ਉਧਰ ਬਾਦਸ਼ਾਹ ਸ਼ਾਤਰ ਸੀ ਉਸ ਨੇ ਸ਼ਰਤ ਰੱਖੀ ਕਿ ਜਿੰਨੇ ਰਾਜੇ ਗੁਰੂ ਸਾਹਿਬ ਦਾ ਪੱਲਾ ਜਾਂ ਹੱਥ ਫੜ ਕੇ ਬਾਹਰ ਆ ਜਾਣ ਉਨ੍ਹਾਂ ਨੂੰ ਰਿਹਾਅ ਕੀਤਾ ਜਾਵੇ। ਜਹਾਂਗੀਰ ਦੀ ਇਹ ਚਾਲ ਸੀ ਕਿ ਰਾਜਪੂਤ ਰਾਜੇ ਕਦੇ ਕਿਸੇ ਦਾ ਪੱਲਾ ਨਹੀਂ ਫੜਦੇ ਪਰ ਉਹ ਇਸ ਗੱਲ ਤੋਂ ਅਣਜਾਣ ਸੀ ਕਿ 52 ਰਾਜੇ ਗੁਰੂ ਸਾਹਿਬ ਨੂੰ ਸ਼ਾਸ਼ਕ ਨਹੀਂ ਬਲਕਿ ਅਧਿਆਤਮਕ ਰਹਿਬਰ ਤਸਲੀਮ ਕਰਦੇ ਸੀ। ਇਸੇ ਕਰਕੇ ਉਨ੍ਹਾਂ ਕਿਸੇ ਹਿਚਕਿਚਾਹਟ ਦੇ ਗੁਰੂ ਸਾਹਿਬ ਦਾ ਪੱਲਾ ਫੜਿਆ।
ਗੁਰੂ ਸਾਹਿਬ ਨੇ 52 ਕਲੀਆਂ ਵਾਲਾ ਚੋਲਾ ਸਵਾਂਇਆ ਤੇ 52 ਰਾਜੇ ਕਲੀਆਂ ਫੜ ਬਾਹਰ ਆ ਗਏ। ਕਿਲ੍ਹੇ ਤੋਂ ਬਾਹਰ ਆਉਂਦਿਆਂ 52 ਰਾਜਿਆਂ ਨੇ ਜੈ ਦਾਤਾ ਬੰਦੀ ਛੋੜ ਦੇ ਜੈਕਾਰੇ ਲਗਾਏ ਤੇ ਉਸ ਦਿਨ ਤੋਂ ਗੁਰੂ ਸਾਹਿਬ ਨੂੰ ਦਾਤਾ ਬੰਦੀ ਛੋੜ ਕਿਹਾ ਜਾਣ ਲੱਗਾ। ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਦਾ ਸਬੰਧ ਗਵਾਲੀਅਰ ਕਿਲ੍ਹੇ ਨਾਲ ਜੁੜਨ ਕਰਕੇ ਗਵਾਲੀਅਰ ਸ਼ਹਿਰ ਵੀ ਭਾਗਾਂ ਵਾਲਾ ਹੋ ਨਿਬੜਿਆ। ਅੱਜ ਵੀ ਗੁਰੂ ਸਾਹਿਬ ਦੀ ਯਾਦ ‘ਚ ਕਿਲ੍ਹੇ ਦੇ ਅੰਦਰ ਗੁਰਦੁਆਰਾ ਦਾਤਾ ਬੰਦੀ ਛੋੜ ਸਾਹਿਬ ਸੁਭਾਇਮਾਨ ਹੈ ਜਿਸ ਦੇ ਝਲਕਾਰੇ ਦੂਰ ਦੂਰ ਤੋਂ ਪੈਦੇਂ ਹਨ। ਦੇਸ਼ ਵਿਦੇਸ਼ ਤੋਂ ਵੱਡੀ ਗਿਣਤੀ ‘ਚ ਸਿੱਖ ਸੰਗਤਾਂ ਇਸ ਮਹਾਨ ਇਤਿਹਾਸਕ ਅਸਥਾਨ ਦੇ ਦਰਸ਼ਨ ਕਰਨ ਦੇ ਲਈ ਪਹੁੰਚਦੀਆਂ ਹਨ।
ਅਮਰੀਕਾ ਦੀ ਸੱਤਾ ਤਬਦੀਲੀ ਤੋਂ ਸਿੱਖ ਭਾਈਚਾਰਾ ਖੁਸ਼, ਨਵੇਂ ਰਾਸ਼ਟਰਪਤੀ ਤੋਂ ਇਹ ਉਮੀਦਾਂ
ਕਿਲ੍ਹੇ ਦੇ ਰਾਹ ਭੀੜੇ 'ਤੇ ਚੜਾਈ ਤਿੱਖੀ ਤੇ ਖਤਰਨਾਕ ਹੋਣ ਕਰਕੇ ਕੇਵਲ ਇਕ ਇਕ ਪਾਸਿਓ ਹੀ ਵਾਹਨ ਉਪਰ ਜਾਣ ਦਿੱਤੇ ਜਾਂਦੇ ਹਨ। ਪਾਵਨ ਅਸਥਾਨ ਇਨੀ ਉਚਾਈ 'ਤੇ ਸਥਿਤ ਹੋਣ ਦੇ ਬਾਵਜੂਦ ਕਾਰ ਸੇਵਾ ਖਡੂਰ ਸਾਹਿਬ ਵਲੋਂ ਬਹੁਤ ਹੀ ਆਲੀਸ਼ਾਨ ਇਮਾਰਤ ਦਾ ਨਿਰਮਾਣ ਕਰਵਾਇਆ ਗਿਆ। ਡਾ. ਰਤਨ ਸਿੰਘ ਜੱਗੀ ਅਨੁਸਾਰ 1947 ਤੋਂ ਪਹਿਲਾਂ ਇਸ ਅਸਥਾਨ ਦੀ ਸੰਭਾਲ ਮੁਸਲਮਾਨ ਫਕੀਰ ਕਰਿਆ ਕਰਦੇ ਸੀ। 1972 ਤੱਕ ਗੁਰਦੁਆਰਾ ਸਾਹਿਬ ਪਾਸ ਕੇਵਲ 3 ਵਿੱਘੇ ਜ਼ਮੀਨ ਸੀ ਜੋ ਗਵਾਲੀਅਰ ਦੇ ਕਲੈਕਟਰ ਬਲਦੇਵ ਸਿੰਘ ਦੇ ਯਤਨਾਂ ਨਾਲ ਪ੍ਰਾਪਤ ਹੋਈ ਸੀ।
ਪਰ ਗੁਰਦੁਆਰਾ ਸਾਹਿਬ ਲਈ ਹੋਰ ਜ਼ਮੀਨ ਦੀ ਲੋੜ ਨੂੰ ਮੁੱਖ ਰੱਖਦਿਆਂ ਬਾਬਾ ਉੱਤਮ ਸਿੰਘ ਨੇ 1972 ‘ਚ ਉਸ ਸਮੇਂ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਪੀਸੀ ਸੇਠੀ ਨਾਲ ਰਾਬਤਾ ਕੀਤਾ ਤੇ ਮੁੱਖ ਮੰਤਰੀ ਨੂੰ ਕਿਲ੍ਹੇ 'ਚ ਸੱਦਿਆ ਜੋ ਇੱਥੇ ਆ ਗੁਰਦੁਆਰਾ ਸਾਹਿਬ ਦੇ ਪ੍ਰਬੰਧਾਂ ਤੋਂ ਪ੍ਰਭਾਵਿਤ ਹੋਏ ਤੇ ਅੱਜ ਕਿਲ੍ਹਾ ਗਵਾਲੀਅਰ ਦੇ ਗੁਰਦੁਆਰਾ ਸਾਹਿਬ ਪਾਸ 22 ਵਿੱਘੇ ਜ਼ਮੀਨ ਹੈ ਜਿੱਥੇ ਬਹੁਤ ਹੀ ਸ਼ਾਨਦਾਰ ਕੰਪਲੈਕਸ ਸਰਾਂਵਾਂ ਲੰਗਰ ਹਾਲ ਬਣੇ ਹੋਏ ਹਨ ਤੇ ਸੰਗਤਾਂ ਹਜ਼ੂਰ ਸਾਹਿਬ ਤੇ ਪਟਨਾਂ ਸਾਹਿਬ ਦਰਸ਼ਨਾਂ ਸਮੇਂ ਇੱਥੇ ਠਹਿਰਾਅ ਕਰਦੀਆਂ ਹਨ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Election Results 2024
(Source: ECI/ABP News/ABP Majha)
ਜਾਣੋ ਗਵਾਲੀਅਰ ਕਿਲ੍ਹੇ ਦਾ ਇਤਾਹਾਸ, ਜਿੱਥੋਂ ਸ਼੍ਰੀ ਗੁਰੂ ਹਰਿਗੋਬਿੰਦ ਜੀ ਨੇ ਬਚਾਏ ਸੀ 52 ਰਾਜੇ
ਏਬੀਪੀ ਸਾਂਝਾ
Updated at:
09 Nov 2020 04:05 PM (IST)
ਗਵਾਲੀਅਰ ਕਿਲ੍ਹਾ ਮੱਧ ਭਾਰਤ ਦੇ ਸਭ ਤੋਂ ਪੁਰਾਣੇ ਤੇ ਵਿਸ਼ਾਲ ਕਿਲ੍ਹਿਆਂ 'ਚੋਂ ਇੱਕ ਹੈ। ਸਤਵੀਂ ਸਦੀ ‘ਚ ਰਿਆਸਤ ਗਵਾਲੀਅਰ ਦੇ ਨਾਂ ਤੋਂ ਹੋਂਦ ‘ਚ ਆਇਆ ਇਹ ਕਿਲ੍ਹਾ ਬਲੂਆ ਪੱਥਰ ਦੀ ਤਕਰੀਬਨ 300 ਤੋਂ 400 ਫੁੱਟ ਉੱਚੀ ਸਿੱਧੀ ਚਟਾਨ 'ਤੇ ਉਸਰਿਆ ਹੋਇਆ ਹੈ। ਕਰਨਲ ਕਨਿੰਘਮ ਨੇ ਇਸ ਕਿਲ੍ਹੇ ਨੂੰ ਅਕਾਸ਼ ਹੇਠਲਾ ਥੰਮ ਦੱਸਕੇ ਇਸ ਦੀ ਸ਼ਲਾਘਾ ਕੀਤੀ ਸੀ।
- - - - - - - - - Advertisement - - - - - - - - -