ਵਾਸ਼ਿੰਗਟਨ: ਅਮਰੀਕਾ ’ਚ ਵੱਸਦੇ ਸਿੱਖਾਂ ਨੇ ਜੋਅ ਬਾਇਡੇਨ ਦੇ ਰਾਸ਼ਟਰਪਤੀ ਦੀ ਚੋਣ ਤੇ ਉਨ੍ਹਾਂ ਦੀ ਭਾਰਤੀ ਮੂਲ ਦੀ ਸਹਿਯੋਗੀ ਕਮਲਾ ਹੈਰਿਸ ਦੇ ਜਿੱਤਣ ’ਤੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਸਿੱਖਾਂ ਦਾ ਮੰਨਣਾ ਹੈ ਕਿ ਅਮਰੀਕਾ ਨੂੰ ਇੱਕ ਅਜਿਹੇ ਆਗੂ ਦੀ ਜ਼ਰੂਰਤ ਹੈ, ਜਿਹੜਾ ਸਮੁੱਚੇ ਵਿਸ਼ਵ ’ਚ ਇਸ ਰਾਸ਼ਟਰ ਦਾ ਅਕਸ ਹਾਂਪੱਖੀ ਬਣਾ ਸਕੇ।


‘ਸਿੱਖ ਕੌਂਸਲ ਆੱਨ ਰਿਲੀਜਨ ਐਂਡ ਐਜੂਕੇਸ਼ਨ’ (SCORE) ਦੇ ਚੇਅਰਮੈਨ ਡਾ. ਰਾਜਵੰਤ ਸਿੰਘ ਨੇ ਕਿਹਾ, ‘ਸਾਨੂੰ ਖ਼ੁਸ਼ੀ ਹੈ ਕਿ ਹੁਣ ਇਸ ਸੰਕਟ ਦੀ ਘੜੀ ਦੇਸ਼ ਇੱਕਜੁਟ ਹੋ ਕੇ ਸੁਖਾਵੇਂ ਤੇ ਸਮਝੌਤੇ ਦੀ ਰਾਹ ਉੱਤੇ ਅੱਗੇ ਵਧ ਸਕਦਾ ਹੈ।’ ਡਾ. ਰਾਜਵੰਤ ਸਿੰਘ ਨੇ ਕਿਹਾ ਕਿ ਅਮਰੀਕਾ ਨੂੰ ਇੱਕ ਅਜਿਹੇ ਆਗੂ ਦੀ ਜ਼ਰੂਰਤ ਹੈ, ਜੋ ਕੋਵਿਡ ਦੀ ਬਹੁਤ ਵੱਡੀ ਚੁਣੌਤੀ ਨੂੰ ਹੱਲ ਕਰਨ ਪ੍ਰਤੀ ਗੰਭੀਰ ਹੋਵੇ। ‘ਸਾਨੂੰ ਆਸ ਹੈ ਕਿ ਜੋਅ ਬਾਇਡੇਨ ਅਜਿਹੇ ਹੀ ਆਗੂ ਹਨ ਤੇ ਉਨ੍ਹਾਂ ਨਾਲ ਉੱਪ ਰਾਸ਼ਟਰਪਤੀ ਵਜੋਂ ਕਮਲਾ ਹੈਰਿਸ ਵੀ ਮਿਲ ਕੇ ਦੇਸ਼ ਨੂੰ ਸਹੀ ਦਿਸ਼ਾ ਵੱਲ ਲੈ ਕੇ ਜਾਣਗੇ।’




ਇੱਥੇ ਇਹ ਦੱਸ ਦੇਈਏ ਕਿ ਕਮਲਾ ਹੈਰਿਸ ਅਮਰੀਕਾ ਦੇ ਪਹਿਲੇ ਮਹਿਲਾ ਉੱਪ ਰਾਸ਼ਟਰਪਤੀ ਹੋਣਗੇ। ਸਿੱਖ ਜੱਥੇਬੰਦੀ ਨੇ ਇਸ ’ਤੇ ਵੀ ਮਾਣ ਮਹਿਸੂਸ ਕੀਤਾ ਹੈ। ਡਾ. ਰਾਜਵੰਤ ਨੇ ਕਿਹਾ ਕਿ ਕਮਲਾ ਹੈਰਿਸ ਇੰਨੇ ਉੱਚੇ ਅਹੁਦੇ ਉੱਤੇ ਪੁੱਜਣ ਵਾਲੇ ਪਹਿਲੇ ਭਾਰਤੀ-ਅਮਰੀਕੀ ਵੀ ਹੋਣਗੇ, ਉਹ ਕਾਲੇ ਮੂਲ ਦੇ ਤੇ ਏਸ਼ੀਆਈ ਮੂਲ ਦੇ ਵੀ ਪਹਿਲੇ ਵਿਅਕਤੀ ਹੋਣਗੇ। ਡਾ. ਰਾਜਵੰਤ ਸਿੰਘ ਨੇ ਅੱਗੇ ਕਿਹਾ ਕਿ ਜੋਅ ਬਾਇਡੇਨ ਕਈ ਵਾਰ ਇਹ ਆਖ ਚੁੱਕੇ ਹਨ ਕਿ ਉਹ ਸਮੂਹ ਅਮਰੀਕਨਾਂ ਦੇ ਰਾਸ਼ਟਰਪਤੀ ਹਨ, ਕਿਸੇ ਨੇ ਉਨ੍ਹਾਂ ਨੂੰ ਵੋਟ ਪਾਈ ਹੈ ਭਾਵੇਂ ਨਹੀਂ, ਉਹ ਸਭ ਦੇ ਹਨ। ‘ਦੇਸ਼ ਨੂੰ ਇੱਕਜੁਟਤਾ ਨਾਲ ਅੱਗੇ ਲਿਜਾਣ ਦੀ ਅਜਿਹੀ ਭਾਵਨਾ ਦੀ ਹੀ ਜ਼ਰੂਰਤ ਹੈ।’




‘ਨੈਸ਼ਨਲ ਸਿੱਖ ਕੈਂਪੇਨ’ ਦੇ ਸਹਿ-ਬਾਨੀ ਗੁਰਵਿਨ ਸਿੰਘ ਆਹੂਜਾ ਨੇ ਵੀ ਬਾਇਡੇਨ ਤੇ ਹੈਰਿਸ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਹੈ ਕਿ ਸਿੱਖ ਇੱਕ ਮਹਿਲਾ ਨੂੰ ਉੱਚ ਅਹੁਦੇ ਲਈ ਚੁਣੇ ਜਾਣ ’ਤੇ ਡਾਢੇ ਖ਼ੁਸ਼ ਹਨ। ‘ਸਾਡੇ ਦੇਸ਼ ’ਚ ਬਹੁਤ ਜ਼ਿਆਦਾ ਵੰਡੀਆਂ ਪੈ ਚੁੱਕੀਆਂ ਹਨ ਤੇ ਅਜਿਹੇ ਵੇਲੇ ਦੇਸ਼ ਦੀ ਲੀਡਰਸ਼ਿਪ ਨੂੰ ਆਪਸੀ ਸਮਝ ਤੇ ਸਹਿਮਤੀ ਨਾਲ ਹੀ ਅੱਗੇ ਵਧਣਾ ਹੋਵੇਗਾ।’ ਆਹੂਜਾ ਨੇ ਕਿਹਾ ਕਿ ਜੋਅ ਬਾਇਡੇਨ ਨੇ ਸਿੱਖ ਕੌਮ ਦੇ ਹਰੇਕ ਮਸਲੇ ’ਚ ਸਾਥ ਦਿੱਤਾ ਹੈ ਤੇ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਬਾਇਡੇਨ ਦੀ ਅਗਵਾਈ ਹੇਠਲਾ ਵ੍ਹਾਈਟ ਹਾਊਸ ਸਿੱਖਾਂ ਤੇ ਹੋਰਨਾਂ ਭਾਈਚਾਰਿਆਂ ਦਾ ਸੁਆਗਤ ਕਰਦਿਆਂ ਰਾਸ਼ਟਰ ਨੂੰ ਮਜ਼ਬੂਤ ਕਰੇਗਾ।