ਚੰਡੀਗੜ੍ਹ: ਕੋਰੋਨਾ ਵਾਇਰਸ ਤੋਂ ਨਿਜਾਤ ਪਾਉਣ ਲਈ ਹਰ ਕੋਈ ਆਪੋ ਆਪਣੇ ਅੰਦਾਜ਼ 'ਚ ਸੁਝਾਅ ਦੇ ਰਿਹਾ ਹੈ। ਫ਼ਤਹਿਗੜ੍ਹ ਸਾਹਿਬ ਦੇ ਸੈਫਰਨ ਸਿਟੀ ਸਕੂਲ 'ਚ ਛੇਵੀ ਕਲਾਸ 'ਚ ਪੜ੍ਹਨ ਵਾਲੇ ਹਰਜਸਪ੍ਰੀਤ ਸਿੰਘ ਨੇ ਵੀ ਕੁਝ ਅਜਿਹਾ ਕੀਤਾ ਹੈ।


ਪਿੰਡ ਜੱਲਾ ਦੇ ਰਹਿਣ ਵਾਲੇ ਇਸ ਬੱਚੇ ਨੇ ਕੋਰੋਨਾ ਵਾਇਰਸ ਖ਼ਿਲਾਫ਼ ਇਕ ਵੀਡੀਓ ਸੰਦੇਸ਼ ਦਿੱਤਾ। ਅੰਗ੍ਰੇਜ਼ੀ 'ਚ ਜਾਰੀ 59 ਸਕਿੰਟ ਦੀ ਵੀਡੀਓ ਦੇ ਸ਼ੁਰੂ 'ਚ ਬੱਚਾ ਕੈਪਟਨ ਅਮਰਿੰਦਰ ਸਿੰਘ ਦੀ ਕਰਫ਼ਿਊ ਦੀ ਮਿਆਦ ਵਧਾਉਣ ਅਤੇ ਸਖ਼ਤੀ ਨੂੰ ਲੈਕੇ ਸ਼ਲਾਘਾ ਕਰਦਾ ਹੈ। ਹਰਜਸਪ੍ਰੀਤ ਦਾ ਇਹ ਅੰਦਾਜ਼ ਕੈਪਟਨ ਅਮਰਿੰਦਰ ਸਿੰਘ ਨੂੰ ਕਾਫੀ ਪਸੰਦ ਆਇਆ ਹੈ।



ਵੀਡੀਓ 'ਚ ਹਰਜਸਪ੍ਰੀਤ ਕਹਿੰਦਾ ਹੈ ਕਿ ਮੁੱਖ ਮੰਤਰੀ ਦੀ ਬਦੌਲਤ ਪੰਜਾਬ 'ਚ ਕੋਰੋਨਾ ਦੀ ਜ਼ਿਆਦਾ ਮਾਰ ਨਹੀਂ ਪਈ। ਵੀਡੀਓ 'ਚ ਬੱਚਾ ਡਾਕਟਰਾਂ ਦੇ ਜਜ਼ਬੇ ਨੂੰ ਸਲਾਮ ਕਰਦਾ ਹੈ ਤੇ ਅੰਤ 'ਚ ਘਰਾਂ 'ਚ ਰਹਿੰਦੇ ਲੋਕਾਂ ਦੀ ਤਾਰੀਫ਼ ਕਰਦਿਆਂ ਸਾਰਿਆਂ ਨੂੰ ਘਰਾਂ 'ਚ ਸੁਰੱਖਿਅਤ ਰਹਿਣ ਦਾ ਸੰਦੇਸ਼ ਦਿੰਦਾ ਹੈ।


ਕੈਪਟਨ ਨੇ ਇਹ ਵੀਡੀਓ ਆਪਣੇ ਇੰਸਟਾਗ੍ਰਾਮ ਅਤੇ ਫੇਸਬੁੱਕ ਪੇਜ 'ਤੇ ਸਾਂਝਾ ਕੀਤਾ ਹੈ। ਇਸ 'ਤੇ ਲੋਕ ਵੀ ਬੱਚੇ ਦੀ ਕਾਫੀ ਤਾਰੀਫ਼ ਕਰ ਰਹੇ ਹਨ। ਅਜਿਹੇ 'ਚ ਸੈਫਰਨ ਸਿਟੀ ਸਕੂਲ ਪ੍ਰਬੰਧਕ ਵੀ ਕਾਫੀ ਖੁਸ਼ ਨੇ ਤੇ ਉਨ੍ਹਾਂ ਲੌਕਡਾਊਨ ਖੁੱਲ੍ਹਣ ਮਗਰੋਂ ਬੱਚੇ ਨੂੰ ਸਨਮਾਨਤ ਕਰਨ ਦੀ ਗੱਲ ਆਖੀ ਹੈ।