ਚੰਡੀਗੜ੍ਹ: "ਜੇ ਆਮ ਆਦਮੀ ਪਾਰਟੀ ਦੇ ਵਿਧਾਇਕ ਦਾ ਕੁਰਾਨ ਸ਼ਰੀਫ਼ ਦੀ ਬੇਅਦਬੀ ਪਿੱਛੇ ਹੱਥ ਹੈ ਤਾਂ ਉਸ ਨੂੰ ਅੰਦਰ ਦੇਣਾ ਚਾਹੀਦਾ ਹੈ। ਉਸ ਖ਼ਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।" ਪੰਜਾਬ ਕਾਂਗਰਸ ਦੀ ਨਵੀਂ ਇੰਚਾਰਜ ਆਸ਼ਾ ਕੁਮਾਰੀ ਦੇ ਇੰਚਾਰਜ ਵਜੋਂ ਰੱਖੇ ਗਏ ਪ੍ਰੋਗਰਾਮ ਦੇ ਸਵਾਗਤ ਵਜੋਂ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਇਹ ਗੱਲ ਕਹੀ ਹੈ।
ਕੈਪਟਨ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ ਹੋਵੇ ਜਾਂ ਕੁਰਾਨ ਸ਼ਰੀਫ਼ ਦੀ ਬੇਅਦਬੀ ਦਾ। ਇਹ ਸਭ ਕੁਝ ਬਾਦਲ ਦੇ ਰਾਜ 'ਚ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਪੰਜਾਬ 'ਚ ਫਿਰਕੂ ਮਾਹੌਲ ਬਣਾ ਰਹੇ ਹਨ ਤਾਂ ਕਿ ਉਨ੍ਹਾਂ ਨੂੰ ਚੋਣਾਂ 'ਚ ਇਸ ਦਾ ਫਾਇਦਾ ਮਿਲ ਸਕੇ।
ਉਨ੍ਹਾਂ ਕਿਹਾ ਕਿ ਰਣਇੰਦਰ ਖ਼ਿਲਾਫ ਈ.ਡੀ. ਦਾ ਨੋਟਿਸ ਕੇਂਦਰ ਸਰਕਾਰ ਦੀ ਸਾਜਿਸ਼ ਹੈ। ਇਹ ਸਾਜਿਸ਼ ਵਿੱਤ ਮੰਤਰੀ ਅਰੁਣ ਜੇਤਲੀ ਲਗਾਤਾਰ ਕਰਵਾ ਰਿਹਾ ਹੈ। ਜੇਤਲੀ ਨੂੰ ਅਜੇ ਆਪਣੀ ਹਾਰ ਦਾ ਗਮ ਨਹੀਂ ਭੁੱਲਿਆ। ਉਨ੍ਹਾਂ ਕਿਹਾ ਕਿ ਜੇਤਲੀ ਜਿੰਨਾ ਮਰਜ਼ੀ ਜ਼ੋਰ ਲਾ ਲਵੇ ਪਰ ਉਸ ਨੂੰ ਇਸ ਮਾਮਲੇ 'ਚ ਕੁਝ ਨਹੀਂ ਮਿਲੇਗਾ ਕਿਉਂਕਿ ਸਾਡਾ ਪੂਰਾ ਪਰਿਵਾਰ ਪਾਕ ਸਾਫ਼ ਹੈ।
ਕੈਪਟਨ ਤੋਂ ਜਦੋਂ ਪੁੱਛਿਆ ਗਿਆ ਕਿ ਪੰਜਾਬ ਕਾਂਗਰਸ ਦੀ ਇੰਚਾਰਜ ਆਸ਼ਾ ਕੁਮਾਰੀ 'ਤੇ ਜ਼ਮੀਨ ਘਪਲੇ ਦਾ ਇਲਜ਼ਾਮ ਹੈ ਤਾਂ ਉਨ੍ਹਾਂ ਕਿਹਾ ਕਿ ਮੇਰੇ 'ਤੇ ਵੀ ਬਾਦਲਾਂ ਨੇ ਕੇਸ ਕੀਤਾ ਸੀ। ਕੀ ਵਿਰੋਧੀਆਂ ਦੇ ਕੇਸ ਪਾਉਣ ਨਾਲ ਕੋਈ ਦੋਸ਼ੀ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਸਾਰੇ ਇਲਜ਼ਾਮ ਝੂਠੇ ਹਨ। ਇਸ ਸਬੰਧੀ ਆਸ਼ਾ ਕੁਮਾਰੀ ਨੇ ਕਿਹਾ ਕਿ ਉਨ੍ਹਾਂ 'ਤੇ ਲੱਗੇ ਇਲਜ਼ਾਮਾਂ ਬਾਰੇ ਉਹ ਮੀਡੀਆ 'ਚ ਸਭ ਕੁਝ ਕਹਿ ਚੁੱਕੇ ਹਨ ਤੇ ਹੁਣ ਉਨ੍ਹਾਂ ਨੇ ਕੁਝ ਨਹੀਂ ਕਹਿਣਾ।