ਚੰਡੀਗੜ੍ਹ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਵਿਚਾਲੇ ਇਕ ਵਾਰ ਫਿਰ ਤੋਂ ਟਵਿਟਰ ਜੰਗ ਸ਼ੁਰੂ ਹੋ ਗਈ ਹੈ। ਕੈਪਟਨ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਇਕ ਟਵੀਟ ਰਾਹੀਂ ਕੀਤੇ ਸ਼ਬਦੀ ਹਮਲੇ ਦਾ ਜਵਾਬ ਦਿੰਦਿਆਂ ਸਿੱਧੂ ਨੂੰ ਕਿਹਾ, 'ਤੂੰ ਕਿੰਨਾ ਵੱਡਾ ਧੋਖੇਬਾਜ਼ ਤੇ ਫਰੇਬੀ ਹੈਂ, ਤੂੰ ਮੇਰੀ 15 ਸਾਲ ਪੁਰਾਣੀ ਫ਼ਸਲੀ ਵਿਭਿੰਨਤਾ ਨਾਲ ਜੁੜੀ ਪਹਿਲਕਦਮੀ ਨੂੰ ਉਨ੍ਹਾਂ ਖੇਤੀ ਕਾਨੂੰਨਾਂ ਨਾਲ ਜੋੜਨ ਦੀਆਂ ਕੋਸ਼ਿਸ਼ ਕਰ ਰਿਹਾ, ਜਿਨ੍ਹਾਂ ਖਿਲਾਫ਼ ਮੈਂ ਅੱਜ ਵੀ ਡਟਿਆ ਹੋਇਆ ਹਾਂ।'
ਕੈਪਟਨ ਦੇ ਮੀਡੀਆ ਸਲਾਹਕਾਰ ਨੇ ਕੈਪਟਨ ਦੇ ਹਵਾਲੇ ਨਾਲ ਕਿਹਾ, 'ਸਿੱਧੂ ਨੂੰ ਨਾ ਤਾਂ ਪੰਜਾਬ ਤੇ ਨਾ ਇਸ ਦੇ ਕਿਸਾਨਾਂ ਨਾਲ ਜੁੜੇ ਹਿਤਾਂ ਬਾਰੇ ਕੋਈ ਜਾਣਕਾਰੀ ਹੈ।' ਕੈਪਟਨ ਨੇ ਲਿਖਿਆ, 'ਤੁਹਾਨੂੰ ਫਸਲੀ ਵਿਭਿੰਨਤਾ ਤੇ ਖੇਤੀ ਕਾਨੂੰਨਾਂ ਵਿਚਲੇ ਫ਼ਰਕ ਦੀ ਜ਼ਰਾ ਵੀ ਸਮਝ ਨਹੀਂ ਹੈ। ਇਸ ਦੇ ਬਾਵਜੂਦ ਤੁਸੀਂ ਪੰਜਾਬ ਦੀ ਅਗਵਾਈ ਕਰਨ ਦੇ ਸੁਪਨੇ ਲੈ ਰਹੇ ਹੋ। ਜੇਕਰ ਅਜਿਹਾ ਹੋ ਗਿਆ ਤਾਂ ਕਿੰਨਾ ਭਿਆਨਕ ਹੋਵੇਗਾ।'
ਕੈਪਟਨ ਅਮਰਿੰਦਰ ਸਿੰਘ ਨੇ ਸਿੱਧੂ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿੰਨੀ ਖੁਸ਼ੀ ਦੀ ਗੱਲ ਹੈ ਕਿ ਸਿੱਧੂ ਨੇ ਇਹ ਵੀਡੀਓ ਅਜਿਹੇ ਮੌਕੇ ਪੋਸਟ ਕੀਤੀ ਹੈ ਜਦੋਂ ਸਰਕਾਰ ਅਗਾਮੀ ਪ੍ਰੋਗਰੈਸਿਵ ਪੰਜਾਬ ਨਿਵੇਸ਼ਕ ਸਮਿੱਟ ਦੇ ਪ੍ਰਚਾਰ ਪਾਸਾਰ ਲਈ ਪੂਰੀ ਕੋਸ਼ਿਸ਼ ਕਰ ਰਹੀ ਹੈ। ਕੈਪਟਨ ਨੇ ਸਵਾਲ ਕੀਤਾ, ‘‘ਕੀ ਤੁਸੀਂ ਇਸ ਦਾ ਵੀ ਵਿਰੋਧ ਕਰੋਗੇ।'
ਕੈਪਟਨ ਅਮਰਿੰਦਰ ਇੱਥੇ ਹੀ ਨਹੀਂ ਰੁਕੇ, ਉਨ੍ਹਾਂ ਨੇ ਕਾਂਗਰਸ ਵੱਲੋਂ ਉਨ੍ਹਾਂ ਦੀ ਧਰਮਨਿਰਪੱਖਤਾ ਨੂੰ ਲੈ ਕੇ ਉਠਾਏ ਸਵਾਲ ’ਤੇ ਇਕ ਵੱਖਰੇ ਟਵੀਟ ਵਿੱਚ ਕਿਹਾ, 'ਹਰੀਸ਼ ਰਾਵਤ ਜੀ ਧਰਮ-ਨਿਰਪੱਖਤਾ ਦੀਆਂ ਗੱਲਾਂ ਕਰਨਾ ਬੰਦ ਕਰੋ। ਇਹ ਨਾ ਭੁੱਲੋ ਕਿ 14 ਸਾਲ ਭਾਜਪਾ ਵਿੱਚ ਰਹਿਣ ਮਗਰੋਂ ਸਿੱਧੂ ਨੂੰ ਕਾਂਗਰਸ ਨੇ ਪਾਰਟੀ ਵਿੱਚ ਦਾਖ਼ਲਾ ਦਿੱਤਾ ਸੀ।' ਕੈਪਟਨ ਨੇ ਇਹ ਵੀ ਜ਼ਿਕਰ ਕੀਤਾ ਕਿ ਪਰਗਟ ਸਿੰਘ ਪਹਿਲਾਂ ਅਕਾਲੀਆਂ ਨਾਲ ਸੀ।
ਦੱਸ ਦੇਈਏ ਕਿ ਪਹਿਲਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਇੱਕ ਵਾਰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਟਵੀਟ ਦਾਗ ਕੇ ਹਮਲਾ ਕੀਤਾ ਸੀ। ਸਿੱਧੂ ਨੇ ਕੈਪਟਨ ਨੂੰ ਖੇਤੀ ਕਾਨੂੰਨਾਂ ਦਾ ਨਿਰਮਾਤਾ ਕਰਾਰ ਦਿੱਤਾ ਹੈ।
ਸਿੱਧੂ ਨੇ ਇੱਕ ਵੀਡੀਓ ਟਵੀਟ ਕੀਤੀ ਹੈ ਜਿਸ ਦੇ ਕੈਪਸ਼ਨ 'ਚ ਕਿਹਾ ਹੈ, "3 ਕਾਲੇ ਕਾਨੂੰਨਾਂ ਦਾ ਨਿਰਮਾਤਾ...ਜੋ ਅੰਬਾਨੀ ਨੂੰ ਪੰਜਾਬ ਦੀ ਕਿਸਾਨੀ ਵਿੱਚ ਲੈ ਕੇ ਆਇਆ... ਜਿਸ ਨੇ 1-2 ਵੱਡੇ ਕਾਰਪੋਰੇਟਾਂ ਨੂੰ ਲਾਭ ਪਹੁੰਚਾਉਣ ਲਈ ਪੰਜਾਬ ਦੇ ਕਿਸਾਨਾਂ, ਛੋਟੇ ਵਪਾਰੀਆਂ ਤੇ ਮਜ਼ਦੂਰਾਂ ਨੂੰ ਤਬਾਹ ਕਰ ਦਿੱਤਾ!!"