ਚੰਡੀਗੜ੍ਹ: ਪੰਜਾਬ ਸਰਕਾਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਵਾਰ ਸਾਂਝੀ ਸਟੇਜ 'ਤੇ ਸ੍ਰੀ ਗੁਰੂ ਨਾਨਕ ਦੇਵ ਜੀ ਜਾ 550ਵਾਂ ਪ੍ਰਕਾਸ਼ ਪੁਰਬ ਮਨਾਉਣਗੀਆਂ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਕੋ ਸਟੇਜ 'ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸੂਬਾਈ ਪੱਧਰ ਦੇ ਸਮਾਗਮ ਮਨਾਉਣ ਸਬੰਧੀ ਵੀਰਵਾਰ ਨੂੰ ਆਪਣੇ ਮੰਤਰੀਆਂ ਨਾਲ ਬੈਠਕ ਕੀਤੀ। ਇਸ ਦੌਰਾਨ ਉਨ੍ਹਾਂ ਮੰਤਰੀਆਂ ਦੇ ਵਫ਼ਦ (ਗਰੁੱਪ ਆਫ ਮਿਨਿਸਟਰਜ਼ GoM) ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਰਾਬਤਾ ਕਾਇਮ ਕਰਨ ਤੇ ਇਸ ਬਾਰੇ ਗੱਲਬਾਤ ਕਰਨ ਦੇ ਨਿਰਦੇਸ਼ ਦਿੱਤੇ।



ਸਮਾਗਮਾਂ ਸਬੰਧੀ ਬਣਾਈ ਕਾਰਜਕਾਰੀ ਕਮੇਟੀ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਸ਼੍ਰੋਮਣੀ ਕਮੇਟੀ ਤੇ ਹੋਰ ਧਾਰਮਿਕ ਜਥੇਬੰਦੀਆਂ ਦੀ ਸ਼ਮੂਲੀਅਤ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਮੈਗਾ ਈਵੈਂਟ ਦੇ ਪ੍ਰਬੰਧ ਕਰਨ ਦੀ ਇੱਛਾ ਜਤਾਈ। ਕੈਪਟਨ ਨੇ ਇਸ ਇਤਿਹਾਸਿਕ ਮੌਕੇ 'ਤੇ ਸਾਰਥਕ ਤਰੀਕੇ ਨਾਲ ਪ੍ਰਬੰਧ ਕਰਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦਾ ਸਹਿਯੋਗ ਤੇ ਮਾਰਗ ਦਰਸ਼ਨ ਲੈਣ ਲਈ ਉਨ੍ਹਾਂ ਨੂੰ ਰਸਮੀ ਸੱਦਾ ਭੇਜਣ ਦੇ ਵੀ ਨਿਰਦੇਸ਼ ਦਿੱਤੇ। ਭਾਈ ਲੌਂਗੋਵਾਲ ਨੇ ਵੀ ਪੰਜਾਬ ਸਰਕਾਰ ਦੇ ਇਸ ਕਦਮ ਦਾ ਸਵਾਗਤ ਕੀਤਾ ਹੈ।

ਇਸ ਮੌਕੇ ਮੁੱਖ ਮੰਤਰੀ ਨੇ ਸਮਾਗਮਾਂ ਦੀ ਯਾਦਗਾਰ ਵਜੋਂ ਸੋਨੇ ਚਾਂਦੀ ਦੇ ਸਿੱਕੇ ਵੀ ਲਾਂਚ ਕੀਤੇ। ਇਹ ਸਿੱਕੇ ਆਮ ਲੋਕਾਂ ਲਈ ਵੀ ਉਪਲੱਬਧ ਹੋਣਗੇ। 24 ਕੈਰੇਟ ਸੋਨੇ ਦੇ ਸਿੱਕੇ 5, 10 ਗ੍ਰਾਮ ਤੇ 999 ਪਿਉਰਟੀ ਵਾਲੇ ਚਾਂਦੀ ਦੇ ਸਿੱਕੇ 50 ਗ੍ਰਾਮ ਵਜ਼ਨ ਵਿੱਚ ਉਪਲੱਬਧ ਹਨ। ਇਨ੍ਹਾਂ 'ਤੇ ਸੁੰਦਰ ਬਲਿੱਸਟਰ ਪੈਕਿੰਗ ਕੀਤੀ ਜਾਏਗੀ। ਇਸੇ ਤਰਾਂ ਚਾਂਦੀ ਦੇ ਸਿੱਕੇ ਵੀ ਉਪਲੱਬਧ ਹੋਣਗੇ। 10 ਗ੍ਰਾਮ ਦੇ ਸੋਨੇ ਦੇ ਸਿੱਕੇ ਦੀ ਕੀਮਤ 37,000 ਰੁਪਏ ਤੇ 5 ਗ੍ਰਾਮ ਸਿੱਕੇ ਦੀ ਕੀਮਤ 18,500 ਰੁਪਏ ਤੇ 50 ਗ੍ਰਾਮ ਚਾਂਦੀ ਦੇ ਸਿੱਕੇ ਦੀ ਕੀਮਤ 2,900 ਰੁਪਏ ਹੈ। ਹੈ।