ਚੰਡੀਗੜ੍ਹ: ਪੰਜਾਬ ਸਰਕਾਰ ਦੇ ਵਫ਼ਦ ਨੇ ਅੱਜ ਮੇਘਾਲਿਆ ਦੇ ਗ੍ਰਹਿ ਮੰਤਰੀ ਜੇਮਸ ਕੇ ਸੰਗਮਾ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਸ਼ਿਲਾਂਗ ਵਿੱਚ ਸਿੱਖਾਂ ਨਾਲ ਹੋ ਰਹੀ ਧੱਕੇਸ਼ਾਹੀ ਦੇ ਮੁੱਦੇ 'ਤੇ ਗੱਲਬਾਤ ਕੀਤੀ ਗਈ। ਸੁਖਜਿੰਦਰ ਰੰਧਾਵਾ ਇਸ ਵਫ਼ਦ ਦੀ ਅਗਵਾਈ ਕਰ ਰਹੇ ਹਨ। ਵਫ਼ਦ ਨੇ ਸਿੱਖਾਂ ਦੀ ਸੁਰੱਖਿਆ ਲਈ ਮੇਘਾਲਿਆ ਸਰਕਾਰ ਵੱਲੋਂ ਬਣਾਈ ਹਾਈ ਪਾਵਰਡ ਕਮੇਟੀ (HPC) ਬਾਰੇ ਵੀ ਗੱਲਬਾਤ ਕੀਤੀ। ਇਸ ਦੌਰਾਨ ਵਫ਼ਦ ਨੇ ਉੱਥੋਂ ਦੇ ਸਿੱਖ ਭਾਈਚਾਰੇ ਨਾਲ ਵੀ ਦੁੱਖ-ਸੁੱਖ ਸਾਂਝਾ ਕੀਤਾ। ਵਫ਼ਦ ਕੱਲ੍ਹ ਹੀ ਮੇਘਾਲਿਆ ਪਹੁੰਚ ਗਿਆ ਸੀ। ਅੱਜ ਦੂਜੇ ਦਿਨ ਵਫ਼ਦ ਨੇ ਮੇਘਾਲਿਆ ਦੇ ਗ੍ਰਹਿ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਇਸ ਮਸਲੇ ਦਾ ਛੇਤੀ ਕੋਈ ਹੱਲ ਕੱਢਣ। ਉਨ੍ਹਾਂ ਕਿਹਾ ਕਿ ਇਸ ਮਸਲੇ 'ਤੇ ਮੇਘਾਲਿਆ ਸਰਕਾਰ ਵੱਲੋਂ ਗਠਿਤ ਕੀਤੀ ਹਾਈ ਪਾਵਰਡ ਕਮੇਟੀ ਕਿਸੇ ਵੀ ਸਿੱਟੇ 'ਤੇ ਪਹੁੰਚਣ ਤੋਂ ਪਹਿਲਾਂ ਸਿੱਖ ਭਾਈਚਾਰੇ ਦੀਆਂ ਸਾਰੀਆਂ ਤੇ ਅਸਲ ਪ੍ਰੇਸ਼ਾਨੀਆਂ ਨੂੰ ਧਿਆਨ ਵਿੱਚ ਰੱਖੇ। ਵਫ਼ਦ ਨੇ ਗ੍ਰਹਿ ਮੰਤਰੀ ਸੰਗਮਾ ਨੂੰ ਕਈ ਸਾਲਾਂ ਤੋਂ ਸ਼ਿਲਾਂਗ ਦੇ ਪੰਜਾਬੀ ਲੇਨ ਇਲਾਕੇ ਵਿਚ ਰਹਿ ਰਹੇ ਸੈਂਕੜੇ ਸਿੱਖ ਪਰਿਵਾਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਅਪੀਲ ਕੀਤੀ। ਇਸ ਦੇ ਨਾਲ ਹੀ ਕਿਹਾ ਕਿ ਸੂਬਾ ਸਰਕਾਰ ਨੂੰ ਸਿੱਖ ਭਾਈਚਾਰੇ ਵਿੱਚ ਵਿਸ਼ਵਾਸ ਪੈਦਾ ਕਰਨ ਲਈ ਵਧੇਰੇ ਭਰੋਸੇਮੰਦ ਕਦਮ ਚੁੱਕਣੇ ਚਾਹੀਦੇ ਹਨ। ਮੀਟਿੰਗ ਦੌਰਾਨ ਵਫ਼ਦ ਦੀ ਅਗਵਾਈ ਕਰ ਰਹੇ ਸੁਖਜਿੰਦਰ ਸਿੰਘ ਰੰਧਾਵਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮੇਘਾਲਿਆ ਦੇ ਮੁੱਖ ਮੰਤਰੀ ਕੋਨਾਰਡ ਸੰਗਮਾ ਦੇ ਨਾਂ ਭੇਜੀ ਚਿੱਠੀ ਗ੍ਰਹਿ ਮੰਤਰੀ ਨੂੰ ਸੌਪੀ। ਇਸ ਵਫ਼ਦ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਤੋਂ ਇਲਾਵਾ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ, ਵਿਧਾਇਕ ਕੁਲਦੀਪ ਸਿੰਘ ਵੈਦ ਤੇ ਕੁਲਬੀਰ ਸਿੰਘ ਜੀਰਾ ਤੇ ਵਿਸ਼ੇਸ਼ ਸਕੱਤਰ ਪਲਾਨਿੰਗ ਡੀਐਸ ਮਾਂਗਟ ਸ਼ਾਮਲ ਸਨ।