ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਇਹ ਚੋਣਾਂ ਉਨ੍ਹਾਂ ਦੀਆਂ ਆਖਰੀ ਹਨ ਅਤੇ ਉਹ ਹੋਰ ਚੋਣਾਂ ਨਹੀਂ ਲੜਨਗੇ ਪਰ ਹੁਣ ਉਨ੍ਹਾਂ ਦੇ ਪਹਿਲੇ ਦਾਅਵੇ ਤੋਂ ਉਲਟ ਉਨ੍ਹਾਂ ਨੇ ਸੂਬੇ ਦੀ ਭਲਾਈ ਲਈ ਲੰਬੀ ਸਿਆਸੀ ਪਾਰੀ ਖੇਡਣ ਦੀ ਇੱਛਾ ਜ਼ਾਹਿਰ ਕੀਤੀ ਹੈ।
ਕੈਪਟਨ ਅਮਰਿੰਦਰ ਨੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਜੇਕਰ ਸੂਬੇ ਨੂੰ ਲੀਹਾਂ ’ਤੇ ਲਿਆਉਣ ਦੀ ਲੋੜ ਪਈ ਤਾਂ ਉਹ ਇਕ ਵਾਰ ਫਿਰ ਸੂਬੇ ਦੀ ਕਮਾਨ ਸੰਭਾਲਣ ਲਈ ਤਿਆਰ ਰਹਿਣਗੇ। ‘ਮੇਰਾ ਕਾਰਜਕਾਲ ਜਦੋਂ ਮੁਕੇਗਾ ਤਾਂ ਮੈਂ 80ਵਿਆਂ ਦਾ ਢੁੱਕ ਜਾਵਾਂਗਾ। ਮੈਂ ਸੋਚਿਆ ਸੀ ਕਿ ਬਹੁਤ ਹੋ ਗਿਆ ਪਰ ਸੂਬੇ ਦੇ ਹਾਲਾਤ ਨੂੰ ਦੇਖਦਿਆਂ ਮੈਂ ਫ਼ੈਸਲਾ ਬਦਲ ਸਕਦਾ ਹਾਂ।’’ ਉਨ੍ਹਾਂ ਦੇ ਇਸ ਬਿਆਨ ਨਾਲ ਸੂਬੇ ਅਤੇ ਕਾਂਗਰਸ ਦੀ ਸਿਆਸਤ ’ਤੇ ਵੱਡਾ ਅਸਰ ਪਏਗਾ।
ਉਨ੍ਹਾਂ ਨੇ ਕਿਹਾ ਕਿ ਚੋਣਾਂ ਦੌਰਾਨ ਸੂਬੇ ਦੇ ਮਾੜੇ ਹਾਲਾਤ ਦਾ ਉਨ੍ਹਾਂ ਨੂੰ ਪਤਾ ਨਹੀਂ ਸੀ।‘ਅਸੀਂ ਲੋਕਾਂ ਨੂੰ ਆਖ ਰਹੇ ਸੀ ਕਿ ਸੂਬੇ ਸਿਰ 1.30 ਲੱਖ ਕਰੋੜ ਦਾ ਕਰਜ਼ਾ ਹੈ ਪਰ ਇਹ 2.08 ਲੱਖ ਕਰੋੜ ਦਾ ਨਿਕਲਿਆ। ਵਿੱਤੀ ਘਾਟਾ 34 ਹਜ਼ਾਰ ਕਰੋੜ ਅਤੇ ਮਾਲੀਆ ਘਾਟਾ 13 ਹਜ਼ਾਰ ਕਰੋੜ ਰੁਪਏ ਦਾ ਹੈ।’
ਕੈਪਟਨ ਨੇ ਕਿਹਾ ਕਿ ਉਹ ਲੋਕਾਂ ਨੂੰ ਬਦਹਾਲੀ ਦੇ ਰਾਹ ’ਤੇ ਛੱਡ ਕੇ ਨਹੀਂ ਜਾਣਗੇ ਅਤੇ ਨਾ ਹੀ ਅਕਾਲੀਆਂ ਦੇ ਰਹਿਮ ਜਾਂ ਕਿਸੇ ਹੋਰ ਦੇ ਸੌੜੇ ਹਿੱਤਾਂ ਦੇ ਹਵਾਲੇ ਨਹੀਂ ਕਰਨਗੇ।