ਕੈਪਟਨ ਦੇ ਪੁਰਖਾ ਪਿੰਡ ਦੇ ਕਿਸਾਨਾਂ 'ਚ ਹਾਹਾਕਾਰ
ਏਬੀਪੀ ਸਾਂਝਾ | 19 Nov 2017 05:01 PM (IST)
ਬਠਿੰਡਾ: ਕਿਸਾਨਾਂ ਦੀਆਂ ਹਰ ਮੁਸ਼ਕਲਾਂ ਨੂੰ ਹੱਲ ਕਰਨ ਦੇ ਦਾਅਵੇ ਕਰਨ ਵਾਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਫਿਰ ਕਿਸਾਨਾਂ ਦੇ ਨਿਸ਼ਾਨੇ 'ਤੇ ਹਨ। ਇਸ ਵਾਰ ਉਨ੍ਹਾਂ ਦੇ ਪੁਰਖਿਆਂ ਦੇ ਪਿੰਡ ਮਹਿਰਾਜ ਦੀ ਪੀਪਲੀ ਅਨਾਜ ਮੰਡੀ 'ਚ ਕਿਸਾਨ ਤੇ ਮਜ਼ਦੂਰ ਝੋਨੇ ਦੀ ਚੁਕਾਈ ਸਮੇਂ ਸਿਰ ਨਾ ਹੋਣ ਕਾਰਨ ਪ੍ਰੇਸ਼ਾਨ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਮੰਡੀ 'ਚ ਝੋਨੇ ਦੇ ਢੇਰ ਲੱਗੇ ਹੋਏ ਹਨ। ਨਾ ਬੋਲੀ ਲੱਗ ਰਹੀ ਹੈ ਤੇ ਨਾਲ ਹੀ ਅਦਾਇਗੀ ਹੋ ਰਹੀ ਹੈ। ਇੱਥੋਂ ਤੱਕ ਕਿ ਸੁੱਕੇ ਝੋਨੇ ਦੀ ਬੋਲੀ ਲਾ ਕੇ ਵੀ ਖਰੀਦਿਆ ਨਹੀਂ ਜਾ ਰਿਹਾ। ਉਲਟਾ ਕਾਟ ਦੇ ਨਾਮ ਤੋਂ ਉਨ੍ਹਾਂ ਨੂੰ ਬਲੈਕਮੇਲ ਕੀਤਾ ਜਾ ਰਿਹਾ ਹੈ। ਕਿਸਾਨਾਂ ਨੇ ਕਿਹਾ ਕਿ ਸਰਕਾਰ ਸਾਡੇ ਵੱਲ ਬਿਲਕੁਲ ਵੀ ਧਿਆਨ ਨਹੀਂ ਦੇ ਰਹੀ ਤੇ ਸ਼ੈਲਰ ਮਾਲਕ ਉਨ੍ਹਾਂ ਤੋਂ 2.5 ਕਿਲੋ ਕਾਟ ਮੰਗ ਰਹੇ ਹਨ। ਜੇਕਰ ਕਾਟ ਦਿੰਦੇ ਹਾਂ ਤਾਂ ਝੋਨਾ ਚੁੱਕ ਲਿਆ ਜਾਵੇਗਾ ਨਹੀਂ ਤਾਂ ਪਤਾ ਨਹੀਂ ਕਿੰਨੇ ਹੋਰ ਦਿਨ ਮੰਡੀ 'ਚ ਰੁਲਣਾ ਪਵੇਗਾ। ਕਿਸਾਨਾਂ ਦਾ ਇਲਜ਼ਾਮ ਹੈ ਕਿ ਕਈ ਅਧਿਕਾਰੀ ਵੀ ਸ਼ੈਲਰ ਮਾਲਕਾਂ ਨਾਲ ਮਿਲੇ ਹੋਏ ਹਨ ਤੇ ਝੋਨਾ ਸੁੱਕਾ ਹੋਣ ਦੇ ਬਾਵਜੂਦ ਅਣਦੇਖਿਆ ਕੀਤਾ ਜਾ ਰਿਹਾ। ਕਿਸਾਨਾਂ ਨੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ ਤੇ ਕਿਸਾਨ ਨੇਤਾ ਸੁਰਮੁਖ ਸਿੰਘ ਨੇ ਕਿਹਾ ਕਿ ਕਿਸਾਨਾਂ ਦੇ ਹੱਕ ਲਈ ਲੜਾਈ ਲੜਦੇ ਰਹਿਣਗੇ ਤੇ ਕਾਟ ਦੇ ਨਾਮ 'ਤੇ ਕਿਸਾਨਾਂ ਦੀ ਲੁੱਟ ਨਹੀਂ ਹੋਣ ਦੇਣਗੇ। ਦੂਜੇ ਪਾਸੇ ਮੰਡੀ 'ਚ ਕੰਮ ਕਰਨ ਵਾਲੇ ਮਜ਼ਦੂਰਾਂ ਦਾ ਵੀ ਦਰਦ ਸਾਹਮਣੇ ਆਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮੰਡੀ 'ਚ ਸਾਡਾ ਸ਼ੋਸ਼ਣ ਹੋ ਰਿਹਾ ਹੈ ਕਿਉਂ ਕਿ ਉਹ ਦੋ ਮਹੀਨਿਆਂ ਤੋਂ ਮੰਡੀ 'ਚ ਰੋਜ਼ ਝੋਨਾ ਸੁਕਾ ਰਹੇ ਹਨ। ਨਾ ਹੀ ਉਨ੍ਹਾਂ ਨੂੰ ਮਜ਼ਦੂਰੀ ਦਿੱਤੀ ਜਾ ਰਹੀ ਹੈ ਤੇ ਨਾ ਹੀ ਉਨ੍ਹਾਂ ਨੂੰ ਸਹੂਲਤਾਂ ਮਿਲਦੀਆਂ ਹਨ। ਪੀਣ ਵਾਲੇ ਪਾਣੀ ਤੇ ਪਖਾਨੇ ਲਈ ਪ੍ਰੇਸ਼ਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ।