ਚੰਡੀਗੜ੍ਹ: ਸ਼੍ਰੋਮਣੀ ਕਮੇਟੀ ਮੈਂਬਰ ਤੇ ਪੰਥਕ ਲੀਡਰ ਕਰਨੈਲ ਸਿੰਘ ਪੰਜੋਲੀ ਨੇ ਪੰਜਾਬ ਵਿੱਚ ਸਿੱਖ ਨੌਜਵਾਨਾਂ ਦੀ ਫੜੋਫੜੀ ਖਿਲਾਫ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖ ਕੇ ਇਸ ਸਾਰੇ ਮਾਮਲੇ ਦੀ ਪੜਤਾਲ ਲਈ ਪੰਜ ਮੈਂਬਰੀ ਕਮੇਟੀ ਬਣਾਉਣ ਦੀ ਮੰਗ ਕੀਤੀ ਹੈ।
ਉਨਾਂ ਕਿਹਾ ਕਿ ਸਮੁੱਚੇ ਪੰਥ ਤੇ ਪੰਜਾਬ ਦੇ ਲੋਕਾਂ ਵਿੱਚ ਸਖ਼ਤ ਰੋਹ ਪੈਦਾ ਹੋ ਚੁੱਕਾ ਹੈ। ਉਨ੍ਹਾਂ ਮੰਗ ਕੀਤੀ ਕਿ ਇੱਕ ਸਰਕਾਰੀ ਧਿਰ ਦਾ ਵਿਧਾਇਕ, ਇੱਕ ਵਿਰੋਧੀ ਧਿਰ ਦਾ ਵਿਧਾਇਕ, ਇਕ ਸੇਵਾ-ਮੁਕਤ ਜੱਜ, ਇੱਕ ਮਨੁਖੀ ਅਧਿਕਾਰਾਂ ਦਾ ਵਕੀਲ ਤੇ ਇੱਕ ਉੱਚ ਪੁਲੀਸ ਅਧਿਕਾਰੀ ਦੇ ਆਧਾਰਤ ਪੰਜ ਮੈਂਬਰੀ ਕਮੇਟੀ ਦਾ ਗਠਨ ਕਰਕੇ ਸਾਰੇ ਮਾਮਲੇ ਦੀ ਪੜਤਾਲ ਕੀਤੀ ਜਾਵੇ ਤੇ ਲੋਕਾਂ ਸਾਹਮਣੇ ਅਸਲ ਸੱਚਾਈ ਲਿਆਂਦੀ ਜਾਵੇ।
ਪੰਜੋਲੀ ਨੇ ਚਿੱਠੀ ਵਿੱਚ ਕਿਹਾ ਹੈ ਕਿ ਪੰਜਾਬ ਵਿੱਚ ਹੋਏ ਜਾਤੀ ਕਤਲਾਂ ਦੇ ਸਬੰਧ ਵਿੱਚ ਸਿੱਖ ਨੌਜਵਾਨਾਂ ਦੀ ਜੋ ਫੜੋ-ਫੜੀ ਹੋ ਰਹੀ ਹੈ, ਉਸ ਵਿੱਚ ਇੰਗਲੈਂਡ ਤੋਂ ਪੰਜਾਬ ਵਿਆਹ ਕਰਵਾਉਣ ਆਏ ਜਗਤਾਰ ਸਿੰਘ ਜੌਹਲ ਨੂੰ ਪੁਲਿਸ ਨੇ ਚੁੱਕ ਕੇ ਤਸ਼ੱਦਦ ਕੀਤਾ ਹੈ। ਉਨ੍ਹਾਂ ਕਿਹਾ ਕਿ ਗ੍ਰਿਫਤਾਰ ਕੀਤੇ ਸਿੱਖ ਨੌਜਵਾਨ ਦੇ ਪਰਿਵਾਰਕ ਮੈਬਰਾਂ ਤੇ ਇੰਗਲੈਂਡ ਦੇ ਲੋਕਾਂ ਦਾ ਮੰਨਣਾ ਹੈ ਕਿ ਬੇਦੇਸ਼ੋ ਜਗਤਾਰ ਸਿੰਘ ਨੂੰ ਝੂਠੇ ਕੇਸਾਂ ਵਿੱਚ ਫਸਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਸਿੱਖ ਨੌਜਵਾਨਾਂ ਦੀਆਂ ਧੜਾਧੜ ਗ੍ਰਿਫਤਾਰੀਆਂ ਨੇ ਦਹਿਸ਼ਤ ਦਾ ਮਹੌਲ ਬਣਾ ਦਿਤਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਇਸੇ ਤਰ੍ਹਾਂ ਦਹਿਸ਼ਤ ਵਾਲਾ ਮਹੌਲ ਬਣਿਆ ਸੀ ਤਾਂ ਪੁਲਿਸ ਤਸ਼ੱਦਦ ਤੋਂ ਡਰਦੇ ਸਿੱਖ ਨੌਜਵਾਨ ਭਗੌੜੇ ਹੋ ਗਏ ਸਨ। ਉਨ੍ਹਾਂ ਮੰਗ ਕੀਤੀ ਕਿ ਇਸ ਮਸਲੇ ਦੀ ਗੰਭੀਰਤਾ ਨੂੰ ਸਮਝਦੇ ਹੋਏ ਸਰਕਾਰ ਨੂੰ ਪੰਜਾਬ ਵਿੱਚ ਪੈਦਾ ਹੋਏ ਦਹਿਸ਼ਤ ਦੇ ਮਾਹੌਲ ਨੂੰ ਰੋਕਣਾ ਚਾਹੀਦਾ ਹੈ।