ਚੰਡੀਗੜ੍ਹ: "ਮੇਰੇ ਖ਼ਿਲਾਫ ਨਸ਼ੇ ਦੇ ਮਾਮਲੇ 'ਚ ਸੀਬੀਆਈ ਜਾਂਚ ਹੋਵੇ। ਕੈਪਟਨ ਖ਼ੁਦ ਜਾਂਚ ਕਰਵਾਉਣ। ਜੇ ਮੇਰੇ ਖ਼ਿਲਾਫ ਕੁਝ ਵੀ ਸਾਬਤ ਹੋਇਆ ਸਿਰਫ਼ ਵਿਰੋਧੀ ਧਿਰ ਦੇ ਲੀਡਰ ਦਾ ਅਹੁਦਾ ਤਾਂ ਕੀ ਸਿਆਸਤ ਹੀ ਛੱਡ ਦੇਵਾਂਗਾਂ।" ਇਹ ਗੱਲ ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ 'ਏਬੀਪੀ ਸਾਂਝਾ' ਨਾਲ ਗੱਲਾਬਾਤ ਕਰਦਿਆਂ ਕਹੀ ਹੈ। ਉਨ੍ਹਾਂ ਕਿਹਾ ਕਿ ਬਿਕਰਮ ਮਜੀਠੀਆ ਦੇ ਕੇਸ ਦੀ ਵੀ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ ਤੇ ਉਨ੍ਹਾਂ ਨੂੰ ਆਪਣਾ ਡਿਫੈਂਸ ਕਰਨ ਦਾ ਪੂਰਾ ਹੱਕ ਹੈ।
ਖਹਿਰਾ ਨੇ ਕਿਹਾ, "ਮੈਂ ਅਗਲੀ ਚੋਣ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਖ਼ਿਲਾਫ ਵੀ ਲੜਾਂਗਾ ਕਿਉਂਕਿ ਰਾਣਾ ਗੁਰਜੀਤ ਨੂੰ ਵਾਪਸ ਯੂ.ਪੀ. ਭੇਜ ਦਿਆਂਗਾ।" ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਕਾਂਗਰਸ ਦੀ ਕੈਬਨਿਟ ਵਿੱਚ ਇਸ ਕਰਕੇ ਵਾਧਾ ਨਹੀਂ ਹੋ ਰਿਹਾ ਕਿਉਂਕਿ ਰਾਹੁਲ ਗਾਂਧੀ ਨੇ ਰਾਣਾ ਗੁਰਜੀਤ ਨੂੰ ਕੈਬਨਿਟ 'ਚੋਂ ਬਾਹਰ ਕਰਨ ਦੀ ਸ਼ਰਤ ਰੱਖੀ ਹੈ। ਉਨ੍ਹਾਂ ਕਿਹਾ ਕਿ ਮੇਰੇ ਵੱਲੋਂ ਲਗਾਏ ਸਾਰੇ ਇਲਜ਼ਾਮ ਬਿਲਕੁਲ ਸੱਚੇ ਹਨ।
ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਇਸ ਮਾਮਲੇ 'ਤੇ ਮੇਰੇ ਨਾਲ ਹਨ ਤੇ ਮਨੀਸ਼ ਸਿਸੋਦੀਆ ਨੇ ਉਨ੍ਹਾਂ ਨੂੰ ਕਿਹਾ ਹੈ ਕਿ ਉਹ ਇਸ ਮਾਮਲੇ 'ਤੇ ਸੁਪਰੀਮ ਕੋਰਟ ਜਾਣ। ਉਨ੍ਹਾਂ ਕਿਹਾ ਕਿ ਕੇਜਰੀਵਾਲ ਹੋਰੀਂ ਤਾਂ ਖ਼ੁਦ ਦਿੱਲੀ 'ਚ ਬਦਲਾਖੋਰੀ ਦੀ ਸਿਆਸਤ ਦਾ ਸ਼ਿਕਾਰ ਹਨ ਤੇ ਇਸ ਲਈ ਉਹ ਮੇਰੇ ਮਾਮਲੇ ਬਾਰੇ ਹੋ ਰਹੀ ਸਿਆਸਤ ਨੂੰ ਚੰਗੇ ਤਰ੍ਹਾਂ ਜਾਣਦੇ ਹਨ। ਉਨ੍ਹਾਂ ਕਿਹਾ ਕਿ ਮੇਰੀ ਪਾਰਟੀ ਦੇ ਵਿਧਾਇਕ ਨਹੀਂ ਚਾਹੁੰਦੇ ਕਿ ਮੈਂ ਅਸਤੀਫਾ ਦੇਵਾਂ। ਉਨ੍ਹਾਂ ਕਿਹਾ ਕਿ ਮੈਂ ਅਕਾਲੀਆਂ ਜਾਂ ਕਾਂਗਰਸੀਆਂ ਦੇ ਕਹਿਣ 'ਤੇ ਅਸਤੀਫਾ ਨਹੀਂ ਦੇਵਾਂਗਾ ਬਲਕਿ ਆਪਣੀ ਮਰਜ਼ੀ ਨਾਲ ਅਸਤੀਫ਼ਾ ਦੇਵਾਂਗਾ।
ਖਹਿਰਾ ਨੇ ਕਿਹਾ ਕਿ ਸੁਖਬੀਰ ਬਾਦਲ ਮੇਰੇ ਖ਼ਿਲਾਫ ਝੂਠ ਬੋਲਦੇ ਹਨ ਤੇ ਜੇ ਮੇਰੇ ਤੇ ਕੈਪਟਨ 'ਚ ਕੋਈ ਸੈਟਿੰਗ ਹੈ ਤਾਂ ਸੁਖਬੀਰ ਸਿੱਧ ਕਰਨ ਉਸੇ ਸਮੇਂ ਸਿਆਸਤ ਛੱਡ ਦੇਵਾਂਗੇ। ਉਨ੍ਹਾਂ ਕਿਹਾ ਕਿ ਮੇਰੇ ਖ਼ਿਲਾਫ ਅਕਾਲੀ ਤੇ ਕਾਂਗਰਸੀ ਮਿਲੇ ਹੋਏ ਹਨ ਤੇ ਕੈਪਟਨ ਤੇ ਸੁਖਬੀਰ ਦੀ ਇਕ ਗੱਲ ਹੈ।