ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੂੰ ਆਪਣਾ ਨਵਾਂ ਜਰਨੈਲ ਚੁਣਨ 'ਤੇ ਵਿਰੋਧੀ ਧਿਰਾਂ ਨੇ ਸਵਾਲ ਉਠਾਏ ਹਨ। ਪ੍ਰਸ਼ਾਂਤ ਕਿਸ਼ੋਰ ਨੂੰ ਨੂੰ ਕੈਪਟਨ ਦਾ ਪ੍ਰਮੁੱਖ ਸਲਾਹਕਾਰ ਬਣਾਉਣ 'ਤੇ ਇਤਰਾਜ਼ ਕਰਦਿਆਂ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਖਜ਼ਾਨੇ ਦਾ ਪੈਸਾ ਬਰਬਾਦ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਂਤ ਕਿਸ਼ੋਰ ਤੋਂ ਪੰਜਾਬੀ ਪਹਿਲਾਂ ਹੀ ਜਾਣੂ ਹਨ ਤੇ ਲੋਕ ਵਾਰ-ਵਾਰ ਮੂਰਖ ਨਹੀਂ ਬਣਨਗੇ।



ਉਧਰ, ਸਾਬਕਾ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦਾ ਕਹਿਣਾ ਸੀ ਕਿ ਕਾਂਗਰਸ ਨੇ ਝੂਠ ਬੋਲਣਾ ਸਿੱਖਣ ਵਾਸਤੇ ਪ੍ਰਸ਼ਾਂਤ ਕਿਸ਼ੋਰ ਨੂੰ ਮੁੜ ਲਿਆਂਦਾ ਹੈ ਪਰ ਕਾਠ ਦੀ ਹਾਂਡੀ ਵਾਰ ਵਾਰ ਨਹੀਂ ਚੜ੍ਹਦੀ। ਉਨ੍ਹਾਂ ਕਿਹਾ ਕਿ ਇਹ ਉਹੀ ਪ੍ਰਸ਼ਾਂਤ ਕਿਸ਼ੋਰ ਹੈ ਜਿਸ ਨੇ ਅਮਰਿੰਦਰ ਸਿੰਘ ਨੂੰ ਗੁਟਕਾ ਸਾਹਿਬ ਦੀ ਸਹੁੰ ਖਾਣ ਲਈ ਸਲਾਹ ਦਿੱਤੀ ਸੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਅਜਿਹੇ ਜੁਮਲੇਬਾਜ਼ਾਂ ਨੂੰ ਮੂੰਹ ਨਹੀਂ ਲਾਉਣਗੇ।

ਦੱਸ ਦਈਏ ਕਿ ਆਮ ਰਾਜ ਪ੍ਰਬੰਧ ਵਿਭਾਗ ਵੱਲੋਂ ਪ੍ਰਸ਼ਾਂਤ ਕਿਸ਼ੋਰ ਨੂੰ ਕੈਬਨਿਟ ਮੰਤਰੀ ਦਾ ਰੁਤਬਾ ਦਿੱਤਾ ਗਿਆ ਹੈ। ਉਂਝ ਪ੍ਰਸ਼ਾਂਤ ਕਿਸ਼ੋਰ ਇੱਕ ਰੁਪਏ ਤਨਖਾਹ ’ਤੇ ਕੰਮ ਕਰਨਗੇ ਪਰ ਉਨ੍ਹਾਂ ਨੂੰ ਕੈਬਨਿਟ ਮੰਤਰੀ ਵਾਲੀਆਂ ਸਭ ਸਹੂਲਤਾਂ ਮਿਲਣਗੀਆਂ। ਹੁਕਮਾਂ ਅਨੁਸਾਰ ਪ੍ਰਸ਼ਾਂਤ ਕਿਸ਼ੋਰ ਨੂੰ ਇੱਕ ਫਰਨਿਸ਼ਡ ਰਿਹਾਇਸ਼ ਤੇ ਕੈਂਪ ਦਫਤਰ ਦੀ ਸਹੂਲਤ ਮਿਲੇਗੀ। ਟਰਾਂਸਪੋਰਟ ਵਿਭਾਗ ਵੱਲੋਂ ਗੱਡੀ ਦਿੱਤੀ ਜਾਵੇਗੀ ਤੇ ਹਵਾਈ ਜਹਾਜ਼ ਤੇ ਰੇਲ ਗੱਡੀ ’ਚ ਐਗਜ਼ੈਕਟਿਵ ਕਲਾਸ ਦੇ ਸਫ਼ਰ ਦੀ ਸਹੂਲਤ ਵੀ ਮਿਲੇਗੀ।

ਇਸ ਤੋਂ ਇਲਾਵਾ ਪ੍ਰਾਹੁਣਚਾਰੀ ਲਈ ਪੰਜ ਹਜ਼ਾਰ ਰੁਪਏ ਪ੍ਰਤੀ ਮਹੀਨਾ ਮਿਲਣਗੇ ਅਤੇ ਮੈਡੀਕਲ ਸਹੂਲਤ ਵੀ ਦਿੱਤੀ ਜਾਵੇਗੀ। ਇਸੇ ਤਰ੍ਹਾਂ ਪ੍ਰਸ਼ਾਂਤ ਕਿਸ਼ੋਰ ਨੂੰ ਇੱਕ ਪ੍ਰਾਈਵੇਟ ਸੈਕਟਰੀ, ਇੱਕ ਨਿੱਜੀ ਸਹਾਇਕ, ਇੱਕ ਡਾਟਾ ਐਂਟਰੀ ਅਪਰੇਟਰ, ਇੱਕ ਕਲਰਕ ਤੇ ਦੋ ਪੀਅਨ ਮਿਲਣਗੇ। ਘਰ ਤੇ ਦਫਤਰ ਵਿੱਚ ਲੈਂਡਲਾਈਨ ਫੋਨ ਤੋਂ ਇਲਾਵਾ ਮੋਬਾਈਲ ਫੋਨ ’ਤੇ ਅਣਲਿਮਟਡ ਖਰਚ ਦੀ ਸਹੂਲਤ ਵੀ ਦਿੱਤੀ ਗਈ ਹੈ। ਫੈਕਸ ਦੀ ਸੁਵਿਧਾ ਵੀ ਦਿੱਤੀ ਜਾਣੀ ਹੈ।