ਮਨਵੀਰ ਕੌਰ ਰੰਧਾਵਾ ਦੀ ਰਿਪੋਰਟ


ਚੰਡੀਗੜ੍ਹ: ਪੰਜਾਬ ਦੀ ਸਿਆਸਤ 'ਚ ਕਾਂਗਰਸ ਦੀ ਜੰਗ ਕਿਸੇ ਪਾਸੇ ਰੁੱਕਣ ਦਾ ਨਾਂ ਨਹੀਂ ਲੈ ਰਹੀ। ਇਸ ਦੇ ਨਾਲ ਹੀ ਹਾਈ ਕਮਾਨ ਨੇ ਸਿੱਧੂ ਨੂੰ ਪ੍ਰਧਾਨਗੀ ਤਾਂ ਦੇ ਦਿੱਤੀ ਪਰ ਇਹ ਗੱਲ ਹੁਣ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਹਜ਼ਮ ਨਹੀਂ ਹੋ ਰਹੀ। ਇਸੇ ਲਈ ਕੈਪਟਨ ਵੱਲੋਂ ਐਲਾਨ ਕੀਤਾ ਗਿਆ ਕਿ ਜਦੋਂ ਤੱਕ ਸਿੱਧੂ ਸੋਸ਼ਲ ਮੀਡੀਆ 'ਤੇ ਕੀਤੀ ਬਿਆਨਬਾਜ਼ੀ ਲਈ ਮੁਆਫ਼ੀ ਨਹੀਂ ਮੰਗਦੇ, ਉਦੋਂ ਤੱਕ ਉਨ੍ਹਾਂ ਨੂੰ ਨਹੀਂ ਮਿਲਣਗੇ।


ਹੁਣ ਖ਼ਬਰ ਹੈ ਕਿ ਮੁੱਖ ਮੰਤਰੀ 'ਤੇ ਦਬਾਅ ਬਣਾਇਆ ਜਾ ਰਿਹਾ ਹੈ ਕਿ ਉਹ ਪੀਪੀਸੀਸੀ ਦੇ ਨਵੇਂ ਮੁਖੀ ਦਾ ਬਗੈਰ ਸ਼ਰਤ ਸਵਾਗਤ ਕਰਨ। ਇਸ ਸਭ ਦੇ ਨਾਲ ਹੀ ਹੁਣ ਪਾਰਟੀ 'ਚ ਸੀਐਮ ਵਿਰੁੱਧ ਅਸਹਿਮਤੀ ਦੀਆਂ ਆਵਾਜ਼ਾਂ ਉੱਠ ਰਹੀਆਂ ਹਨ। ਇਸ ਦੇ ਨਾਲ ਹਾਲਾਤ ਇਹ ਬਣ ਗਏ ਹਨ ਕਿ ਕੈਪਟਨ ਚੁਫੇਰਿਓਂ ਘਿਰ ਗਏ ਹਨ। ਜ਼ਿਆਦਾਤਰ ਵਿਧਾਇਕ (ਤਕਰੀਬਨ 60 ਤੋਂ ਵੱਧ) ਸਿੱਧੂ ਨਾਲ ਡਟ ਗਏ ਹਨ। ਇਸ ਲਈ ਕੈਪਟਨ ਕੋਲ ਸਿੱਧੂ ਨਾਲ ਹੱਥ ਮਿਲਾਏ ਬਿਨਾ ਕੋਈ ਚਾਰਾ ਨਹੀਂ।


ਇਸ ਦੇ ਨਾਲ ਹੀ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਉਹ ਪਾਰਟੀ ਦੀ ਏਕਤਾ ਲਈ ਹਨ ਤੇ ਕਿਸੇ ਨੂੰ ਵੀ ਪਾਰਟੀ ਵੰਡਣ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ, ਭਾਵੇਂ ਉਹ ਕੈਪਟਨ ਅਮਰਿੰਦਰ ਸਿੰਘ ਹੀ ਕਿਉਂ ਨਾ ਹੋਣ। ਉਨ੍ਹਾਂ ਕਿਹਾ ਕਿ ਉਹ ਪਾਰਟੀ ਦੀ ਖਾਤਰ ਕਿਸੇ ਵੀ ਨੇਤਾ ਨੂੰ ਛੱਡ ਸਕਦੇ ਹਨ, ਭਾਵੇਂ ਉਹ ਅਮਰਿੰਦਰ ਹੀ ਹੋਣ।


ਰੰਧਾਵਾ ਨੇ ਮੁੱਖ ਮੰਤਰੀ ਨੂੰ ਯਾਦ ਦਿਵਾਉਂਦੇ ਹੋਏ ਕਿਹਾ ਕਿ “ਜੇਕਰ ਉਹ ਸੁਖਪਾਲ ਖਹਿਰਾ ਨੂੰ ਮਿਲ ਸਕਦੇ ਹਨ, ਜਿਨ੍ਹਾਂ ਨੇ ਉਨ੍ਹਾਂ ਖਿਲਾਫ ਨਿੱਜੀ ਤੇ ਨੁਕਸਾਨਦੇਹ ਟਿੱਪਣੀਆਂ ਕੀਤੀਆਂ, ਪ੍ਰਤਾਪ ਬਾਜਵਾ ਨੂੰ ਮਿਲ ਸਕਦੇ ਹਨ, ਤਾਂ ਸਿੱਧੂ ਨਾਲ ਮੁਲਾਕਾਤ ਕਰਨ ਵਿੱਚ ਕੀ ਹਰਜ ਹੈ।” ਦੱਸ ਦਈਏ ਕਿ ਅਮਰਿੰਦਰ ਨੇ ਹੀ ਬਾਜਵਾ ਨੂੰ ਪ੍ਰਦੇਸ਼ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਹਟਾਇਆ ਸੀ।


ਰੰਧਾਵਾ ਨੇ ਅੱਗੇ ਕਿਹਾ ਕਿ ਉਹ, ਤ੍ਰਿਪਤ ਬਾਜਵਾ ਤੇ ਸੁਖਬਿੰਦਰ ਸਰਕਾਰੀਆ ਸਮੇਤ ਸੀਨੀਅਰ ਨੇਤਾ ਲਾਲ ਸਿੰਘ ਦੇ ਘਰ ਗਏ ਸੀ, ਤਾਂ ਜੋ ਉਹ ਸਿੱਧੂ ਨਾਲ ਮੁੱਖ ਮੰਤਰੀ ਕੋਲ ਜਾ ਸਕਣ, ਪਰ ਸਿਰਫ ਤਾਂ ਜੇਕਰ ਉਹ ਵੱਡਾ ਦਿਲ ਦਿਖਾਉਣ ਲਈ ਸਹਿਮਤ ਹੋਣ।


ਸੁਖਜਿੰਦਰ ਸਿੰਘ ਰੰਧਾਵਾ ਨੇ ਬ੍ਰਹਮ ਮਹਿੰਦਰਾ ਵੱਲੋਂ ਦਿੱਤੇ ਬਿਆਨ 'ਤੇ ਕਿਹਾ ਕਿ ਉਹ ਇਹ ਬਿਆਨ ਦੇਣ ਦੀ ਬਜਾਏ ਕਿ ਉਹ ਸਿੱਧੂ ਨੂੰ ਉਦੋਂ ਤੱਕ ਨਹੀਂ ਮਿਲਣਗੇ ਜਦੋਂ ਤੱਕ ਸਿੱਧੂ ਮੁੱਖ ਮੰਤਰੀ ਨਾਲ ਆਪਣਾ ਮਸਲਾ ਹੱਲ ਨਹੀਂ ਕਰਦੇ, ਬ੍ਰਹਮ ਮਹਿੰਦਰਾ ਨੂੰ ਸਿੱਧੂ ਨਾਲ ਮੁੱਖ ਮੰਤਰੀ ਨੂੰ ਮਿਲਣਾ ਚਾਹੀਦਾ ਸੀ।


ਇਸ ਮੁੱਦੇ 'ਤੇ ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਅਜਿਹੇ ਸਮੇਂ ਕਿਉਂ ਮੁਆਫੀ ਮੰਗਣ ਜਦੋਂ ਲੋਕ ਸਿੱਧੂ ਦਾ ਭਰਵਾਂ ਸਵਾਗਤ ਕਰ ਰਹੇ ਹਨ ਤੇ ਉਨ੍ਹਾਂ ਨੇ ਲੋਕਾਂ ਦੀਆਂ ਨਜ਼ਰਾਂ ਵਿੱਚ ਆਪਣੇ ਵਿਰੋਧੀਆਂ ਨੂੰ ਛੋਟਾ ਕਰ ਦਿੱਤਾ।


ਇਹ ਵੀ ਪੜ੍ਹੋ: Redmi Note 10T 5G Launch: ਭਾਰਤ ‘ਚ ਲਾਂਚ ਹੋਇਆ Redmi Note 10T 5G ਸਮਾਰਟ ਫੋਨ, ਮਿਲ ਰਹੇ ਕਈ ਸ਼ਾਨਦਾਰ ਫੀਚਰ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904