ਚੰਡੀਗੜ੍ਹ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਉਹ ਨਵੀਂ ਪਾਰਟੀ ਬਣਾਉਣ ਜਾ ਰਹੇ ਹਨ ਪਰ ਇਸ ਦਾ ਨਾਂ ਅਜੇ ਤੈਅ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਸਾਡੇ ਵਕੀਲ ਇਸ ਬਾਰੇ ਚੋਣ ਕਮਿਸ਼ਨ ਨਾਲ ਕੰਮ ਕਰ ਰਹੇ ਹਨ। ਜਿਵੇਂ ਹੀ ਨਾਂ ਦਾ ਫੈਸਲਾ ਹੋਵੇਗਾ ਤੁਹਾਨੂੰ ਦੱਸਾਂਗੇ।
ਕੈਪਟਨ ਨੇ ਅੱਜ ਪ੍ਰੈੱਸ ਕਾਨਫਰੰਸ ਦੌਰਾਨ ਆਪਣੇ ਉੱਪਰ ਉੱਠ ਰਹੇ ਸਾਰੇ ਸਵਾਲਾਂ ਦਾ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਜੋ ਵਾਅਦੇ ਕੀਤੇ ਸਨ, ਉਨ੍ਹਾਂ ਨੂੰ ਪੂਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸੁਰੱਖਿਆ ਨੂੰ ਲੈ ਕੇ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦਾ ਬਹੁਤ ਨੁਕਸਾਨ ਹੋਇਆ ਹੈ।
ਕੈਪਟਨ ਨੇ ਕਿਹਾ, "ਮੈਂ ਇੱਕ ਸਿਪਾਹੀ ਵਾਂਗ ਕੰਮ ਕੀਤਾ ਹੈ ਤੇ ਹਮੇਸ਼ਾ ਇੱਕ ਯੋਧੇ ਵਾਂਗ ਲੜਿਆ ਹਾਂ। ਪੰਜਾਬ ਦੀ ਸੁਰੱਖਿਆ ਮੇਰੇ ਲਈ ਬਹੁਤ ਜ਼ਰੂਰੀ ਹੈ। ਉਨ੍ਹਾਂ ਅੱਗੇ ਕਿਹਾ ਕਿ ਮੈਂ ਪੂਰਾ ਹਿਸਾਬ ਦੇਵਾਂਗਾ ਕਿ ਕਿੰਨਾ ਖਰਚ ਹੋਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਇੱਕ ਪਹਿਲੇ ਦਰਜੇ ਦੀ ਫੋਰਸ ਹੈ।
ਪ੍ਰੈੱਸ ਕਾਨਫਰੰਸ 'ਚ ਅਮਰਿੰਦਰ ਸਿੰਘ ਨੇ ਸਭ ਤੋਂ ਪਹਿਲਾਂ ਆਪਣੇ ਕਾਰਜਕਾਲ ਦੌਰਾਨ ਕੀਤੇ ਕੰਮਾਂ ਦੀ ਜਾਣਕਾਰੀ ਦਿੱਤੀ। ਹਾਲਾਂਕਿ, ਅਮਰਿੰਦਰ ਸਿੰਘ ਨੇ ਅਜੇ ਤੱਕ ਇਹ ਸਪੱਸ਼ਟ ਨਹੀਂ ਕੀਤਾ ਹੈ ਕਿ ਉਹ 2022 ਦੀਆਂ ਪੰਜਾਬ ਚੋਣਾਂ ਵਿੱਚ ਭਾਜਪਾ ਜਾਂ ਕਿਸੇ ਹੋਰ ਪਾਰਟੀ ਨਾਲ ਗਠਜੋੜ ਕਰਨਗੇ ਜਾਂ ਨਹੀਂ।
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰੈੱਸ ਕਾਨਫਰੰਸ 'ਚ ਕਾਂਗਰਸ ਦਾ ਪੰਜ ਸਾਲ ਪੁਰਾਣਾ ਮੈਨੀਫੈਸਟੋ ਵੀ ਦਿਖਾਇਆ। ਕੈਪਟਨ ਨੇ ਦੱਸਿਆ ਕਿ ਉਨ੍ਹਾਂ ਦੇ ਕਾਰਜਕਾਲ ਦੌਰਾਨ ਕਿੰਨਾ ਕੰਮ ਹੋਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਬਹੁਤ ਕੰਮ ਹੋਇਆ ਹੈ। ਦਾਅਵਾ ਕੀਤਾ ਗਿਆ ਸੀ ਕਿ ਮੈਨੀਫੈਸਟੋ ਦਾ 92 ਫੀਸਦੀ ਕੰਮ ਪੂਰਾ ਹੋ ਚੁੱਕਾ ਹੈ, ਜਦਕਿ ਕੁਝ ਅਜਿਹੇ ਕੰਮ ਸਨ ਜੋ ਪੂਰੇ ਨਹੀਂ ਹੋ ਸਕੇ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/