ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਆਪਣੇ ਚਾਰ ਸਾਲਾਂ ਦਾ ਲੇਖਾ-ਜੋਖਾ ਪੇਸ਼ ਕੀਤਾ। ਉਨ੍ਹਾਂ ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫਰੰਸ ਕਰਕੇ ਪੰਜਾਬ ਦੀ ਜਨਤਾ ਨੂੰ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਕੀ ਕੁਝ ਕੀਤਾ ਗਿਆ। ਪੰਜਾਬ ਵਿੱਚ ਅਗਲੇ ਸਾਲ ਹੋਣ ਜਾ ਰਹੀਆਂ ਚੋਣਾਂ ਤੋਂ ਪਹਿਲਾਂ ਕੈਪਟਨ ਨੇ ਜਨਤਾ ਦੇ ਹਰ ਸਵਾਲ ਦਾ ਜਵਾਬ ਦੇਣ ਦੀ ਕੋਸ਼ਿਸ਼ ਕੀਤੀ।ਕੈਪਟਨ ਨੇ ਦਾਅਵਾ ਕੀਤਾ ਹੈ ਕਿ ਕੋਰੋਨਾ 'ਚ ਵੀ ਸਰਕਾਰ ਨੇ ਚੰਗਾ ਕੰਮ ਕੀਤਾ ਹੈ। ਉਨ੍ਹਾਂ ਮੰਨਿਆ ਕਿ ਕੋਰੋਨਾ ਕਾਰਨ ਅਰਥਵਿਵਸਥਾ ਵਿਗੜੀ ਹੈ ਪਰ ਫਿਰ ਵੀ ਅਸੀਂ ਕਾਫੀ ਹੱਦ ਤੱਕ ਆਪਣੇ ਵਾਅਦੇ ਪੂਰੇ ਕੀਤੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਮੈਨੀਫੇਸਟੋ ਦੇ 85% ਵਾਅਦੇ ਪੂਰੇ ਕੀਤੇ ਹਨ।
ਕੈਪਟਨ ਨੇ ਕਿਹਾ ਕਿ ਕੇਂਦਰੀ ਖੇਤੀ ਕਾਨੂੰਨ ਖਿਲਾਫ਼ ਪੰਜਾਬ ਸਰਕਾਰ ਦ੍ਰਿੜ੍ਹ ਹੈ। ਕੇਂਦਰੀ ਖੇਤੀ ਕਾਨੂੰਨ ਰੱਦ ਕਰਕੇ ਅਸੀਂ ਆਪਣੇ ਕਾਨੂੰਨ ਲੈ ਕੇ ਆਵਾਂਗੇ। ਦੂਜੇ ਪਾਸੇ ਰਾਜਪਾਲ ਨੇ ਵਿਧਾਨ ਸਭਾ ਵੱਲੋਂ ਪਾਸ ਮਤੇ ਅਜੇ ਤੱਕ ਰਾਸ਼ਟਰਪਤੀ ਕੋਲ ਨਹੀਂ ਭੇਜੇ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨ ਲਾਗੂ ਹੋਏ ਤਾਂ ਖੇਤੀ ਤਬਾਹ ਹੋ ਜਾਵੇਗੀ। ਕੇਂਦਰ ਸਰਕਾਰ ਕਿਸਾਨ-ਆੜ੍ਹਤੀ ਸਿਸਟਮ ਖਤਮ ਕਰਨਾ ਚਾਹੁੰਦੀ ਸਰਕਾਰ ਹੈ।
ਕੈਪਟਨ ਨੇ ਸਰਕਾਰ ਬਣਨ ਤੋਂ ਪਹਿਲਾਂ ਗੁਟਕਾ ਸਾਹਿਬ ਦੀ ਸਹੁੰ ਚੁੱਕਣ 'ਤੇ ਸਫਾਈ ਦਿੰਦਿਆਂ ਕਿਹਾ ਕਿ ਨਸ਼ੇ ਦਾ ਪੂਰਾ ਸਫਾਇਆ ਕਰਨ ਦੀ ਗੱਲ ਮੈਂ ਕਦੇ ਨਹੀਂ ਕਹੀ ਸੀ। ਨਸ਼ੇ ਦੀ ਚੇਨ ਤੋੜਨ 'ਚ ਕਾਮਯਾਬ ਹੋਏ ਹਾਂ। ਮੈਂ ਨਸ਼ੇ ਦਾ ਲੱਕ ਤੋੜਨ ਦੀ ਸਹੁੰ ਚੁੱਕੀ ਸੀ। ਨਸ਼ਾ ਤਸਕਰਾਂ ਦੀ ਗ੍ਰਿਫਤਾਰੀ 'ਚ ਤੇਜ਼ੀ ਆਈ ਹੈ।
ਕੈਪਟਨ ਬਰਗਾੜੀ ਮਾਮਲੇ 'ਤੇ ਬੋਲੇ। ਉਨ੍ਹਾਂ ਕਿਹਾ ਕਿ ਸਾਰੇ ਮੁਲਜ਼ਮਾਂ ਖਿਲਾਫ਼ ਚਾਰਜਸ਼ੀਟ ਦਾਖਲ ਹੋਈ ਹੈ। ਜਾਂਚ CBI ਤੋਂ ਵਾਪਸ ਲੈ ਕੇ ਅਸੀਂ ਕਾਰਵਾਈ ਕੀਤੀ ਹੈ। ਕੋਟਕਪੁਰਾ ਮਾਮਲੇ ਦੇ ਮੁਲਜ਼ਮਾਂ ਖਿਲਾਫ਼ ਵੀ ਮੁਕੱਦਮੇ ਕੀਤੇ ਹਨ। ਕੈਪਟਨ ਨੇ ਕਿਹਾ ਕਿ ਕੋਰੋਨਾ ਦੇ ਹਾਲਾਤ ਸੂਬੇ ਵਿੱਚ ਵਿਗੜਦੇ ਜਾ ਰਹੇ ਹਨ। ਹੁਣ ਪੂਰੇ ਪੰਜਾਬ ਵਿੱਚ ਕਰਫਿਊ ਰਾਤ 9 ਵਜੇ ਤੋਂ ਲੱਗੇਗਾ। ਅਗਲੇ 2 ਦਿਨਾਂ 'ਚ ਵੱਡੇ ਫੈਸਲੇ ਕਰਾਂਗੇ।
ਉਨ੍ਹਾਂ ਨੇ ਪੰਜਾਬ 'ਚ ਸੁਰੱਖਿਆ ਨੂੰ ਲੈ ਕੇ ਚਿੰਤਾ ਜਤਾਈ ਹੈ। ਉਨ੍ਹਾਂ ਕਿਹਾ ਕਿ ਪੰਜਾਬ 'ਚ ਸੁਰੱਖਿਆ ਪ੍ਰਬੰਧ ਵਿਗੜਨ ਨਹੀਂ ਦੇਵਾਂਗੇ। ਹਥਿਆਰ, ਵਿਸਫੋਟਕ, ਨਸ਼ੇ, ਨਕਲੀ ਕਰੰਸੀ ਡਰੋਨ ਰਾਹੀਂ ਆਉਂਦੇ ਹਨ। ਪੰਜਾਬ 'ਚ ਕਈ ਖਾਲਿਸਤਾਨੀ ਸੈੱਲ ਕੰਮ ਕਰ ਰਹੇ ਹਨ। ਹੁਣ ਡਰੋਨ ਜ਼ਰੀਏ ਘੁਸਪੈਠ ਦੀ ਕੋਸ਼ਿਸ਼ ਹੋ ਰਹੀ ਹੈ।