ਚੰਡੀਗੜ੍ਹ: ਪੰਜਾਬ ਵਿੱਚ ਸੱਤਾਧਾਰੀ ਕਾਂਗਰਸ ਪਾਰਟੀ ਦੇ ਅੰਦਰੂਨੀ ਕਾਟੋ-ਕਲੇਸ਼ ਨੂੰ ਲੈ ਕੇ ਹੋਏ ਹੰਗਾਮੇ ਕਾਰਨ ਕੈਪਟਨ ਅਮਰਿੰਦਰ ਸਿੰਘ ਨੂੰ ਅਪਮਾਨਤ ਹੋ ਕੇ ਅਸਤੀਫਾ ਦੇਣਾ ਪਿਆ। ਇਸ ਤੋਂ ਬਾਅਦ ਕੈਪਟਨ ਨੂੰ ਵੱਖਰੇ ਅੰਦਾਜ਼ 'ਚ ਦੇਖਿਆ ਗਿਆ। ਇਸ ਰਾਹੀਂ ਉਨ੍ਹਾਂ ਨੇ ਫਿਰ ਤੋਂ ਆਪਣੇ ਰਾਸ਼ਟਰਵਾਦੀ ਅਕਸ ਨੂੰ ਰਾਜਨੀਤਕ ਵਿਰੋਧੀਆਂ ਨੂੰ ਦਿਖਾਇਆ ਹੈ। ਸਨਿੱਚਰਵਾਰ ਰਾਤ ਨੂੰ ਉਨ੍ਹਾਂ ਨੇ ਐਨਡੀਏ (ਨੈਸ਼ਨਲ ਡਿਫ਼ੈਂਸ ਅਕੈਡਮੀ- NDA) ਦੇ ਆਪਣੇ ਬੈਚਮੇਟਸ ਦੇ ਪਰਿਵਾਰਾਂ ਨੂੰ ਡਿਨਰ ਪਾਰਟੀ ਦਿੱਤੀ। ਇਸ ਪਾਰਟੀ ਵਿੱਚ ਉਨ੍ਹਾਂ ਦੇ 47 ਬੈਚਮੇਟ ਸ਼ਾਮਲ ਹੋਏ।
ਇਸ ਪਾਰਟੀ 'ਚ ਕੈਪਟਨ ਅਮਰਿੰਦਰ ਸਿੰਘ ਮਜ਼ੇਦਾਰ ਅੰਦਾਜ਼' ਚ ਨਜ਼ਰ ਆਏ। ਉਹ ਬਾਲੀਵੁੱਡ ਦੇ ਪੁਰਾਣੇ ਹਿੰਦੀ ਗੀਤਾਂ ਨੂੰ ਗਾਉਂਦੇ ਵੇਖੇ ਗਏ। ਕੈਪਟਨ ਅਮਰਿੰਦਰ ਸਿੰਘ ਨੇ ਇਸ ਡਿਨਰ ਪਾਰਟੀ ਵਿੱਚ ਐਨਡੀਏ ਦੇ 23ਵੇਂ ਤੇ 24ਵੇਂ ਬੈਚ ਦੇ ਸਾਥੀਆਂ ਨੂੰ ਸੱਦਾ ਦਿੱਤਾ ਸੀ। ਇਹ ਪਾਰਟੀ ਕੈਪਟਨ ਵੱਲੋਂ ਮੋਹਾਲੀ ਦੇ ਮਹਿੰਦਰ ਬਾਗ ਫਾਰਮ ਹਾਊਸ ਵਿਖੇ ਰੱਖੀ ਗਈ ਸੀ।
ਕੈਪਟਨ ਦੀ ਡਿਨਰ ਪਾਰਟੀ ਵਿੱਚ ਦੇਸ਼ ਦੇ ਉੱਘੇ ਫੌਜੀ ਮਾਹਰ ਅਤੇ ਰੱਖਿਆ ਖੁਫੀਆ ਏਜੰਸੀ ਦੇ ਪਹਿਲੇ ਮੁਖੀ ਸੇਵਾਮੁਕਤ ਲੈਫਟੀਨੈਂਟ ਜਨਰਲ ਕਮਲ ਡਾਵਰ ਨੇ ਵੀ ਸ਼ਿਰਕਤ ਕੀਤੀ। ਉਨ੍ਹਾਂ ਨੇ ਕੈਪਟਨ ਨੂੰ 'ਸਕਿਓਰਿੰਗ ਇੰਡੀਆਜ਼ ਰਾਈਜ਼: ਏ ਵਿਜ਼ਨ ਫਾਰ ਦਿ ਫਿਊਚਰ' ਕਿਤਾਬ ਵੀ ਭੇਟ ਕੀਤੀ।
ਕੈਪਟਨ ਅਮਰਿੰਦਰ ਸਿੰਘ ਭਾਰਤੀ ਫੌਜ ਅਤੇ ਰਾਸ਼ਟਰੀ ਸੁਰੱਖਿਆ ਦੇ ਨਾਂਅ 'ਤੇ ਹਮੇਸ਼ਾ ਹਮਲਾਵਰ ਰਹੇ ਹਨ। ਜਦੋਂ ਵੀ ਇਹ ਗੱਲ ਆਈ, ਉਹ ਹਮੇਸ਼ਾ ਕੇਂਦਰ ਸਰਕਾਰ ਦੇ ਨਾਲ ਖੜ੍ਹੇ ਰਹੇ। ਇਸ ਲਈ ਕੈਪਟਨ ਨੇ ਪਾਰਟੀ ਲਾਈਨ ਤੋੜਨ ਤੋਂ ਵੀ ਕਦੇ ਸੰਕੋਚ ਨਹੀਂ ਕੀਤਾ। ਕਈ ਵਾਰ ਉਨ੍ਹਾਂ ਦੇ ਬਿਆਨ ਰਾਹੁਲ ਗਾਂਧੀ ਦੇ ਵਿਰੁੱਧ ਗਏ। ਫੌਜ ਤੋਂ ਸੇਵਾ ਮੁਕਤ ਕੈਪਟਨ ਅਮਰਿੰਦਰ ਸਿੰਘ ਨੇ ਕਦੇ ਇਸ ਦੀ ਪਰਵਾਹ ਨਹੀਂ ਕੀਤੀ। ਹਰ ਵਾਰ ਉਨ੍ਹਾਂ ਨੇ ਰਾਸ਼ਟਰੀ ਸੁਰੱਖਿਆ ਬਾਰੇ ਭਾਰਤ ਸਰਕਾਰ ਦੇ ਰਵੱਈਏ ਦਾ ਸਮਰਥਨ ਕੀਤਾ।
ਕੈਪਟਨ ਅਮਰਿੰਦਰ ਸਿੰਘ ਨੂੰ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਮੁੱਖ ਮੰਤਰੀ ਦੀ ਕੁਰਸੀ ਛੱਡਣੀ ਪਈ ਹੈ। ਇਸ ਤੋਂ ਬਾਅਦ ਕੈਪਟਨ ਨੇ ਨਵਜੋਤ ਸਿੱਧੂ ਨੂੰ ਰਾਸ਼ਟਰੀ ਸੁਰੱਖਿਆ ਲਈ ਖਤਰਾ ਦੱਸਿਆ। ਕੈਪਟਨ ਨੇ ਪਾਕਿ ਪੀਐਮ ਇਮਰਾਨ ਖਾਨ ਅਤੇ ਪਾਕਿ ਫੌਜ ਮੁਖੀ ਬਾਜਵਾ ਨਾਲ ਸਿੱਧੂ ਦੀ ਦੋਸਤੀ ਨੂੰ ਖਤਰਨਾਕ ਕਰਾਰ ਦਿੱਤਾ।
ਹੁਣ ਚਰਨਜੀਤ ਚੰਨੀ ਦੇ ਨਵੇਂ ਮੁੱਖ ਮੰਤਰੀ ਬਣਨ ਤੋਂ ਬਾਅਦ ਵੀ ਕੈਪਟਨ ਨੇ ਚਿੰਤਾ ਪ੍ਰਗਟ ਕੀਤੀ ਹੈ। ਕੈਪਟਨ ਨੇ ਕਿਹਾ ਕਿ ਪੰਜਾਬ ਇੱਕ ਸਰਹੱਦੀ ਸੂਬਾ ਹੈ। ਪਾਕਿਸਤਾਨ ਲਗਾਤਾਰ ਡ੍ਰੋਨ ਰਾਹੀਂ ਹਥਿਆਰ ਅਤੇ ਨਸ਼ੀਲੇ ਪਦਾਰਥ ਭੇਜ ਰਿਹਾ ਹੈ। ਚਰਨਜੀਤ ਚੰਨੀ ਵਧੀਆ ਮੰਤਰੀ ਰਹੇ ਹਨ, ਪਰ ਉਨ੍ਹਾਂ ਕੋਲ ਗ੍ਰਹਿ ਵਿਭਾਗ ਦਾ ਤਜਰਬਾ ਨਹੀਂ। ਅਜਿਹੀ ਸਥਿਤੀ ਵਿੱਚ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹਨ।