ਚੰਡੀਗੜ੍ਹ: ਦਿੱਲੀ ਤੋਂ ਲੈਕੇ ਚੰਡੀਗੜ੍ਹ ਤਕ ਚੱਲੀਆਂ ਲੰਬੀਆਂ ਮੀਟਿੰਗਾਂ ਤੋਂ ਬਾਅਦ ਅੱਜ ਪੰਜਾਬ ਦੇ ਨਵੇਂ ਵਜ਼ੀਰ ਸਹੁੰ ਚੁੱਕਣਗੇ। ਅੱਜ ਸ਼ਾਮ ਸਾਢੇ ਚਾਰ ਵਜੇ ਰਾਜਪਾਲ ਪੰਜਾਬ ਦੇ ਨਵੇਂ ਮੰਤਰੀਆਂ ਨੂੰ ਸਹੁੰ ਚੁਕਾਉਣਗੇ। ਕੈਬਨਿਟ ਵਿਸਥਾਰ 'ਚ 15 ਮੰਤਰੀ ਸ਼ਾਮਿਲ ਕੀਤੇ ਜਾਣਗੇ। ਮੰਤਰੀ ਮੰਡਲ 'ਚ 7 ਨਵੇਂ ਚਿਹਰਿਆਂ ਨੂੰ ਥਾਂ ਮਿਲ ਸਕਦੀ ਹੈ।
ਕੈਪਟਨ ਅਮਰਿੰਦਰ ਸਮਰਥਕ 5 ਮੰਤਰੀਆਂ ਦੀ ਛੁੱਟੀ ਦੀ ਤਿਆਰੀ ਹੈ। ਜਦਕਿ ਕੈਪਟਨ ਸਰਕਾਰ ਦੇ 8 ਮੰਤਰੀ ਆਪਣੀ ਥਾਂ ਬਚਾਉਣ 'ਚ ਕਾਮਯਾਬ ਰਹਿ ਸਕਦੇ ਹਨ। ਮੁੱਖ ਮੰਤਰੀ ਚੰਨੀ ਤੇ ਦੋ ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਤੇ ਓਪੀ ਸੋਨੀ ਸਮੇਤ ਕੁੱਲ 18 ਵਿਧਾਇਕਾਂ ਨੂੰ ਮੰਤਰੀ ਮੰਡਲ 'ਚ ਸ਼ਾਮਲ ਕੀਤਾ ਜਾ ਸਕਦਾ ਹੈ।
ਕਿਸ-ਕਿਸ ਨੂੰ ਮਿਲੀ ਥਾਂ?
ਸੂਤਰਾਂ ਮੁਤਾਬਕ ਪਰਗਟ ਸਿੰਘ, ਰਾਜਕੁਮਾਰ ਵੇਰਕਾ, ਗੁਰਕੀਰਤ ਸਿੰਘ ਕੋਟਲੀ, ਸੰਗਤ ਸਿੰਘ ਗਿਲਜ਼ੀਆਂ, ਅਮਰਿੰਦਰ ਸਿੰਘ ਰਾਜਾ ਵੜਿੰਗ, ਕੁਲਜੀਤ ਨਾਗਰਾ ਤੇ ਰਾਣਾ ਗੁਰਜੀਤ ਸਿੰਘ ਮੰਤਰੀ ਮੰਡਲ 'ਚ ਸ਼ਾਮਲ ਕੀਤੇ ਜਾ ਸਕਦੇ ਹਨ। ਪੰਜਾਬ ਦੇ ਸੰਭਾਵਿਤ ਮੰਤਰੀਆਂ 'ਚ ਪਰਗਟ ਸਿੰਘ, ਰਾਜਕੁਮਾਰ ਵੇਰਕਾ, ਗੁਰਕੀਰਤ ਸਿੰਘ ਕੋਟਲੀ, ਅਮਰਿੰਦਰ ਰਾਜਾ, ਕੁਲਜੀਤ ਨਾਗਰਾ, ਸੰਗਤ ਸਿੰਘ ਗਿਲਜੀਆਂ ਤੇ ਰਾਣਾ ਗੁਰਜੀਤ ਸਿੰਘ ਸਹੁੰ ਚੁੱਕ ਸਕਦੇ ਹਨ। ਪਰਗਟ ਸਿੰਘ ਲਗਾਤਾਰ ਸਿੱਧੂ ਦੇ ਨਾਲ ਰਹੇ ਹਨ। ਗਿਲਜ਼ੀਆਂ ਤੇ ਨਾਗਰਾ ਪੰਜਾਬ ਕਾਂਗਰਸ ਚ ਕਾਰਜਕਾਰੀ ਪ੍ਰਧਾਨ ਹਨ ਤੇ ਵੇਰਕਾ ਪਾਰਟੀ ਦਾ SC ਚਿਹਰਾ ਹੈ।
ਇਨ੍ਹਾਂ ਦਾ ਪੱਤਾ ਕੱਟਣਾ ਤੈਅ
ਕੈਬਨਿਟ ਵਿਸਥਾਰ 'ਚ ਨਵੇਂ ਚਿਹਰੇ ਆਉਣਗੇ ਤਾਂ ਪੁਰਾਣੇ ਚਿਹਰੇ ਵੀ ਬਾਹਰ ਹੋਣਗੇ। ਅਮਰਿੰਦਰ ਸਮਰਥਕ ਮੰਤਰੀ ਸਾਧੂ ਸਿੰਘ ਧਰਮਸੋਤ, ਸੁੰਦਰ ਸ਼ਿਆਮ ਅਰੋੜਾ ਗੁਰਪ੍ਰੀਤ ਕਾਂਗੜ, ਰਾਣਾ ਗੁਰਮੀਤ ਸੋਢੀ ਤੇ ਬਲਬੀਰ ਸਿੱਧੂ ਦਾ ਪੱਤਾ ਕੱਟ ਸਕਦਾ ਹੈ।
ਕੁਰਸੀ ਬਚਾਉਣ 'ਚ ਕਾਮਯਾਬ ਰਹਿਣ ਵਾਲੇ
ਕਾਂਗਰਸ ਨੇ ਨਵਾਂ ਮੰਤਰੀ ਮੰਡਲ ਬਣਾਉਂਦੇ ਸਮੇਂ ਇਸ ਗੱਲ ਦਾ ਖਿਆਲ ਰੱਖਿਆ ਕਿ ਪਾਰਟੀ ਦੇ ਅੰਦਰ ਜ਼ਿਆਦਾ ਵਿਰੋਧ ਨਾ ਹੋਵੇ। ਇਸ ਲਈ ਹੀ ਚੋਣਾਂ ਤੋਂ ਪਹਿਲਾਂ ਹੋਣ ਵਾਲੇ ਇਸ ਗਠਨ 'ਚ ਕਈ ਪੁਰਾਣੇ ਚਿਹਰਿਆਂ ਨੂੰ ਵੀ ਥਾਂ ਦਿੱਤੀ ਜਾ ਰਹੀ ਹੈ। ਪਾਰਟੀ ਨੇ ਅਮਰਿੰਦਰ ਸਿੰਘ ਸਰਕਾਰ 'ਚ ਮੰਤਰੀ ਰਹੇ ਵਿਜੇ ਇੰਦਰ ਸਿੰਗਲਾ, ਮਨਪ੍ਰੀਤ ਸਿੰਘ ਬਾਦਲ, ਬ੍ਰਹਮ ਮਹਿੰਦਰਾ, ਸੁਖਬੀਰ ਸਿੰਘ ਸਰਕਾਰੀਆ, ਤ੍ਰਿਪਤ ਰਾਜਿੰਦਰ ਬਾਜਵਾ, ਅਰੁਣਾ ਚੌਧਰੀ, ਰਜੀਆ ਸੁਲਤਾਨਾ ਤੇ ਭਾਰਤ ਭੂਸ਼ਣ ਆਸ਼ੂ ਨੂੰ ਮੰਤਰੀ ਮੰਡਲ ਚ ਬਣਾਈ ਰੱਖਣ ਦਾ ਫੈਸਲਾ ਕੀਤਾ ਹੈ। ਹਾਲਾਂਕਿ ਵਿਰੋਧੀ ਪਾਰਟੀਆਂ ਦਾ ਕਾਂਗਰਸ 'ਤੇ ਤਨਜ ਕੱਸਣਾ ਲਗਾਤਾਰ ਜਾਰੀ ਹੈ।
ਦਿੱਲੀ 'ਚ ਕਾਂਗਰਸ ਲੀਡਰ ਰਾਹੁਲ ਗਾਂਧੀ ਤੇ ਪਾਰਟੀ ਦੇ ਹੋਰ ਸੀਨੀਅਰ ਮੈਂਬਰਾਂ ਦੇ ਨਾਲ ਬੈਠਕ ਤੋਂ ਬਾਅਦ ਚੰਨੀ ਕੈਬਨਿਟ ਦੇ ਨਾਵਾਂ 'ਤੇ ਸਹਿਮਤੀ ਬਣੀ। ਮੰਤਰੀਮੰਡਲ ਵਿਸਥਾਰ 'ਤੇ ਚਰਚਾ ਕਰਨ ਲਈ ਚੰਨੀ ਨੂੰ ਕਾਂਗਰਸ ਹਾਈਕਮਾਨ ਨੇ ਸ਼ੁੱਕਰਵਾਰ ਦਿੱਲੀ ਤਲਬ ਕੀਤਾ ਸੀ। ਆਮ ਆਦਮੀ ਪਾਰਟੀ ਤੋਂ ਲੈਕੇ ਅਕਾਲੀ ਦਲ ਨਵੀਂ ਕੈਬਨਿਟ 'ਤੇ ਨਜ਼ਰਾਂ ਟਿਕਾਈ ਬੈਠਾ ਹੈ।