ਬਰਨਾਲਾ: ਕੋਰੋਨਾ ਦੇ ਵੱਧਦੇ ਕੇਸਾਂ ਨੂੰ ਵੇਖਦੇ ਹੋਏ ਪੰਜਾਬ ਸਰਕਾਰ ਨੇ ਐਤਵਾਰ ਸ਼ਾਮ ਨੂੰ ਪੰਜਾਬ ਲਈ ਨਵੀਂ ਪਾਬੰਦੀਆਂ ਲਾਗੂ ਕੀਤੀਆਂ ਸੀ ਪਰ ਇਨ੍ਹਾਂ ਪਾਬੰਦੀਆਂ ਤੋਂ ਕਿਸਾਨ ਖੁਸ਼ ਨਜ਼ਰ ਨਹੀਂ ਆ ਰਹੇ। ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਕੋਰੋਨਾ ਦੇ ਨਾਮ ਤੇ ਅੰਦੋਲਨ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਨਵੇਂ ਦਿਸ਼ਾ ਨਿਰਦੇਸ਼ਾਂ ਵਿੱਚ ਕਿਸਾਨਾਂ ਨੂੰ ਪੰਜਾਬ ਵਿੱਚ ਚੱਲ ਰਹੇ ਕਿਸਾਨ ਧਰਨਿਆਂ ਉੱਤੇ ਸੰਕੇਤਕ ਇਕੱਠ ਕਰਨ ਦੀ ਅਪੀਲ ਵੀ ਕੀਤੀ ਗਈ ਹੈ। ਇਸ ਦੇ ਨਾਲ ਹੀ ਪੰਜਾਬ ਵਿੱਚ ਬਾਹਰਲੇ ਰਾਜਾਂ ਤੋਂ ਆਉਣ ਤੇ ਪਾਬੰਦੀ ਲਗਾਈ ਗਈ ਹੈ। ਇਸ ਦੌਰਾਨ ਬਰਨਾਲਾ ਵਿੱਚ ਚੱਲ ਰਹੇ ਕਿਸਾਨ ਧਰਨੇ ਉੱਤੇ ਬੈਠੇ ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਕੋਰੋਨਾ ਦੇ ਬਹਾਨੇ ਉਨ੍ਹਾਂ ਨੂੰ ਦਬਾਉਣਾ ਚਾਹੁੰਦੀ ਹੈ।

ਉਨ੍ਹਾਂ ਕਿਹਾ ਕਿ ਪਹਿਲਾਂ ਕੇਂਦਰ ਦੀ ਸਰਕਾਰ ਵੱਲੋਂ ਕੋਰੋਨਾ ਦੀ ਆੜ ਵਿੱਚ ਤਿੰਨ ਖੇਤੀ ਕਾਨੂੰਨ ਲਾਗੂ ਕੀਤੇ ਗਏ ਤੇ ਹੁਣ ਪੰਜਾਬ ਸਰਕਾਰ ਵੀ ਅਜਿਹੇ ਨਿਰਦੇਸ਼ ਜਾਰੀ ਕਰਕੇ ਕਿਸਾਨੀ ਸੰਘਰਸ਼ ਨੂੰ ਖਤਮ ਕਰਨਾ ਚਾਹੁੰਦੀ ਹੈ। ਉੁਨ੍ਹਾਂ ਕਿਹਾ ਕਿ ਖੇਤੀ ਕਾਨੂੰਨਾ ਦੇ ਲਾਗੂ ਹੋਣ ਨਾਲ ਭੁੱਖੇ ਮਰਨ ਨਾਲੋਂ ਕੋਰੋਨਾ ਦਾ ਖਤਰਾ ਸਹੇੜਨਾ ਘੱਟ ਖਤਰਨਾਕ ਹੈ। ਉਨਾਂ ਕਿਹਾ ਕਿ ਸਰਕਾਰ ਉਨ੍ਹਾਂ ਦੀਆਂ ਮੰਗਾਂ ਮੰਨ ਲਵੇ ਤਾਂ ਉਹ ਪੰਜਾਬ ਹੀ ਨਹੀਂ ਦਿੱਲੀ ਵਾਲੇ ਧਰਨੇ ਵੀ ਖਤਮ ਕਰਕੇ ਘਰਾਂ ਨੂੰ ਚਲੇ ਜਾਣਗੇ।

ਕਿਸਾਨ ਆਗੂਆਂ ਦਾ ਇਹ ਵੀ ਕਹਿਣਾ ਹੈ ਕਿ ਲੋਕਾਂ ਨੂੰ ਨਿਰਦੇਸ਼ ਦੇਣ ਵਾਲੇ ਆਪ ਕੋਰੋਨਾਂ ਪਾਬੰਦੀਆਂ ਦੀ ਪਰਵਾਹ ਕਿੰਨੀ ਕੁ ਕਰਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਕਹਿਣੀ ਅਤੇ ਕਰਨੀ ਦੀ ਪੂਰੀ ਨਹੀਂ ਹੈ ਤੇ ਇਹ ਗਾਈਡਲਾਈਨਜ਼ ਸਿਰਫ ਕਿਸਾਨਾਂ ਜਾਂ ਆਮ ਲੋਕਾਂ ਲਈ ਹੀ ਜਾਰੀ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸੰਘਰਸ਼ ਲੰਮਾ ਚੱਲਣਾ ਹੈ ਇਸ ਲਈ ਪ੍ਰਬੰਧ ਤੇ ਖਰਚੇ ਵੀ ਬਹੁਤ ਹਨ ਇਸ ਲਈ ਕਿਸਾਨ ਵਾਰੀ ਸਿਰ ਧਰਨਿਆਂ ਵਿੱਚ ਸ਼ਮੂਲੀਅਤ ਕਰ ਰਹੇ ਹਨ।

ਕਰੋਨਾ ਕਾਰਨ ਕਿਸਾਨਾਂ ਦੇ ਇਕੱਠ ਤੇ ਪੈਣ ਵਾਲੇ ਅਸਰ ਸਬੰਧੀ ਕਿਸਾਨਾਂ ਦਾ ਕਹਿਣਾ ਸੀ ਕਿ ਉਨ੍ਹਾਂ ਦਾ ਇਕੱਠ ਆਮ ਵਾਂਗ ਹੀ ਹੈ ਤੇ ਜੇ ਕਿਸਾਨ ਮੋਰਚੇ ਦੇ ਆਗੂ ਨਿਰਦੇਸ਼ ਦੇਣ ਜਾਂ ਸੰਘਰਸ਼ ਦੀ ਲੋੜ ਬਣੇ ਤਾਂ ਉਹ ਇਸ ਤੋਂ ਵੀ ਵੱਧ ਇਕੱਠ ਕਰਨ ਦੀ ਸਮਰੱਥਾ ਰੱਖਦੇ ਹਨ।