ਮਹਿਤਾਬ-ਉਦ-ਦੀਨ


ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਹਿਲਕਦਮੀ ਕਰਦਿਆਂ ਨਵਜੋਤ ਸਿੰਘ ਸਿੱਧੂ ਨੂੰ ਭਲਕੇ ਬੁੱਧਵਾਰ ਨੂੰ ਦੁਪਹਿਰ ਦੇ ਖਾਣੇ ਲਈ ਸੱਦਾ ਦਿੱਤਾ ਹੈ। ਇਸ ਮੌਕੇ ਨਿਸ਼ਚਤ ਤੌਰ ’ਤੇ ਕੁਝ ਅਹਿਮ ਵਿਚਾਰ-ਵਟਾਂਦਰੇ ਹੋਣਗੇ ਤੇ ਅਗਲੇਰੀਆਂ ਰਣਨੀਤੀਆਂ ਤੈਅ ਹੋਣਗੀਆਂ। ਪੰਜਾਬ ’ਚ ਸੱਤਾਧਾਰੀ ਕਾਂਗਰਸ ਪਾਰਟੀ ਦੇ ਕਾਰਕੁਨਾਂ ਵਿੱਚ ਇਨ੍ਹਾਂ ਦੋਵੇਂ ਵੱਡੇ ਆਗੂਆਂ ਦੀ ਇਸ ਮੁਲਾਕਾਤ ਨੂੰ ਲੈ ਕੇ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।


ਦੱਸ ਦੇਈਏ ਕਿ ਪੰਜਾਬ ਕਾਂਗਰਸ ਨਾਲ ਸਬੰਧਤ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਪਿਛਲੇ ਹਫ਼ਤੇ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਨਾਲ ਨਵਜੋਤ ਸਿੰਘ ਸਿੱਧੂ ਨਾਲ ਵੀ ਮੁਲਾਕਾਤ ਕੀਤੀ ਸੀ।ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਵਿਚਾਲੇ ਪਿਛਲੇ ਚਾਰ ਮਹੀਨਿਆਂ ਵਿੱਚ ਭਲਕੇ ਦੂਜੀ ਵਾਰ ਮੁਲਾਕਾਤ ਹੋਵੇਗੀ। ਪਹਿਲੀ ਮੁਲਾਕਾਤ ਬੀਤੇ ਨਵੰਬਰ ਮਹੀਨੇ ਚੰਡੀਗੜ੍ਹ ਲਾਗੇ ਸੀਸਵਾਂ ਸਥਿਤ ਕੈਪਟਨ ਅਮਰਿੰਦਰ ਸਿੰਘ ਦੇ ਫ਼ਾਰਮਹਾਊਸ ’ਚ ਹੋਈ ਸੀ। ਤਦ ਦੋਵੇਂ ਆਗੂਆਂ ਵਿਚਾਲੇ ਇੱਕ ਘੰਟੇ ਤੱਕ ਗੱਲਬਾਤ ਹੁੰਦੀ ਰਹੀ ਸੀ।


ਕੈਪਟਨ ਅਮਰਿੰਦਰ ਸਿੰਘ ਵੱਲੋਂ ਜਿਸ ਤਰ੍ਹਾਂ ਹੁਣ ਨਵਜੋਤ ਸਿੰਘ ਸਿੱਧੂ ਨੂੰ ਖ਼ੁਦ ਗੱਲਬਾਤ ਦਾ ਸੱਦਾ ਦਿੱਤਾ ਗਿਆ ਹੈ, ਇਸ ਤੋਂ ਸਿਆਸੀ ਗਲਿਆਰਿਆਂ ’ਚ ਕੁਝ ਅਜਿਹੀਆਂ ਕਿਆਸਅਰਾਈਆਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ ਕਿ ਸ਼ਾਇਦ ਹੁਣ ਨਵਜੋਤ ਸਿੰਘ ਸਿੱਧੂ ਹੁਰਾਂ ਦੀ ਵਾਪਸੀ ਕੁਝ ਨਵੇਂ, ਨਿਵੇਕਲੇ ਤੇ ਵੱਡੇ ਤਰੀਕੇ ਨਾਲ ਹੋਣ ਵਾਲੀ ਹੈ।


ਇਸ ਤੋਂ ਪਹਿਲਾਂ ਕਾਂਗਰਸ ਦੀ ਕੇਂਦਰੀ ਲੀਡਰਸ਼ਿਪ ਨੇ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਦੋਵਾਂ ਨੂੰ ਪੱਛਮੀ ਬੰਗਾਲ ਸਮੇਤ ਪੰਜ ਵਿਧਾਨ ਸਭਾ ਚੋਣਾਂ ਲਈ ਸਟਾਰ ਪ੍ਰਚਾਰਕਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਹੈ। ਨਵਜੋਤ ਸਿੱਧੂ ਨੂੰ ਮੀਟਿੰਗ ਲਈ ਸੱਦਣਾ ਕੈਪਟਨ ਅਮਰਿੰਦਰ ਸਿੰਘ ਦੀ ਕਿਸੇ ਦੂਰਅੰਦੇਸ਼ ਰਣਨੀਤੀ ਦਾ ਹਿੱਸਾ ਵੀ ਸਮਝਿਆ ਜਾ ਸਕਦਾ ਹੈ।


ਸਾਲ 2019 ’ਚ ਨਵਜੋਤ ਸਿੰਘ ਸਿੱਧੂ ਆਪਣਾ ਮਹਿਕਮਾ ਬਦਲਣ ਕਾਰਣ ਖ਼ਫ਼ਾ ਹੋ ਕੇ ਪੰਜਾਬ ਕੈਬਿਨੇਟ ਤੋਂ ਅਸਤੀਫ਼ਾ ਦੇ ਗਏ ਸਨ। ਉਸ ਤੋਂ ਬਾਅਦ ਕੈਪਟਨ ਤੇ ਸਿੱਧੂ ਵਿਚਾਲੇ ਕਾਫ਼ੀ ਤਲਖ਼ੀਆਂ ਪੈਦਾ ਹੋਈਆਂ ਤੇ ਦੋਵਾਂ ਦੇ ਸਬੰਧਾਂ ਵਿੱਚ ਕੁੜੱਤਣ ਬਣੀ ਰਹੀ ਪਰ ਹੁਣ ਲੱਗਦਾ ਹੈ ਕਿ ਸਭ ਕੁਝ ਠੀਕ ਹੋਣ ਜਾ ਰਿਹਾ ਹੈ।