Covid Vaccine in Ludhiana: ਪੰਜਾਬ ਦੇਸ਼ ਦੇ ਉਨ੍ਹਾਂ ਰਾਜਾਂ ’ਚ ਸ਼ਾਮਲ ਹੈ, ਜਿੱਥੇ ਇਨ੍ਹੀਂ ਦਿਨੀਂ ਜਾਨਲੇਵਾ ਕੋਰੋਨਾ ਵਾਇਰਸ ਤੇਜ਼ੀ ਨਾਲ ਫੈਲ ਰਿਹਾ ਹੈ। ਕੱਲ੍ਹ ਪੰਜਾਬ ’ਚ 1,492 ਨਵੇਂ ਮਾਮਲੇ ਸਾਹਮਣੇ ਆਏ ਸਨ। ਇਸ ਦੌਰਾਨ ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਨੇ ਸਾਰੇ ਜੱਜਾਂ, ਵਕੀਲਾਂ, ਅਧਿਆਪਕਾਂ ਤੇ ਪੱਤਰਕਾਰਾਂ ਨੂੰ ਕੋਰੋਨਾ ਵੈਕਸੀਨ ਲਵਾਉਣ ਦਾ ਹੁਕਮ ਜਾਰੀ ਕੀਤਾ ਹੈ। ਇਨ੍ਹਾਂ ਦੇ ਨਾਲ ਹੀ ਬੈਂਕਾਂ, ਗ਼ੈਰ ਸਰਕਾਰੀ ਸੰਗਠਨਾਂ, ਸਹਿਕਾਰੀ ਸੰਮਤੀਆਂ ਤੇ ਖ਼ੁਰਾਕ ਤੇ ਅਨਾਜ ਸੰਮਤੀਆਂ ਦੇ ਕਰਮਚਾਰੀਆਂ ਨੂੰ ਵੈਕਸੀਨ ਦਿੱਤੀ ਜਾਵੇਗੀ।


ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਨੇ ਇਹ ਕਦਮ ਅਜਿਹੇ ਵੇਲੇ ਚੁੱਕਿਆ ਹੈ, ਜਦੋਂ ਦੇਸ਼ ਵਿੱਚ 60 ਸਾਲ ਤੋਂ ਵੱਧ ਦੇ ਵਿਅਕਤੀਆਂ ਨੂੰ ਵੈਕਸੀਨ ਦਿੱਤੀ ਜਾ ਰਹੀ ਹੈ ਤੇ ਨਾਲ ਹੀ 45 ਸਾਲ ਤੋਂ ਵੱਧ ਦੇ ਉਨ੍ਹਾਂ ਵਿਅਕਤੀਆਂ ਨੂੰ ਵੀ ਹੁਣ ਦੇਸ਼ ਵਿੱਚ ਵੈਕਸੀਨ ਦਾ ਟੀਕਾ ਲੱਗ ਰਿਹਾ ਹੈ, ਜਿਹੜੇ ਪਹਿਲਾਂ ਤੋਂ ਕਿਸੇ ਰੋਗ ਨਾਲ ਜੂਝ ਰਹੇ ਹਨ।


ਦੱਸ ਦੇਈਏ ਕਿ ਰਾਸ਼ਟਰੀ ਪੱਧਰ ’ਤੇ ਕੇਂਦਰ ਸਰਕਾਰ ਜੱਜਾਂ, ਵਕੀਲਾਂ ਤੇ ਅਦਾਲਤੀ ਕਰਮਚਾਰੀਆਂ ਨੂੰ ਕੋਰੋਨਾ ਟੀਕਾਕਰਨ ਵਿੱਚ ਤਰਜੀਹ ਦੇਣ ਦੀ ਮੰਗ ਨਾਲ ਸਹਿਮਤ ਨਹੀਂ ਹੈ। ਸੁਪਰੀਮ ਕੋਰਟ ’ਚ ਦਾਇਰ ਇੱਕ ਪਟੀਸ਼ਨ ਦੇ ਜਵਾਬ ਵਿੱਚ ਦਾਇਰ ਕੀਤੇ ਇੱਕ ਹਲਫ਼ੀਆ ਬਿਆਨ ’ਚ ਸਰਕਾਰ ਨੇ ਇਹੋ ਕਿਹਾ ਹੈ।


ਉੱਧਰ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਰਾਜ ਵਿੱਚ ਵਧਦੇ ਕੋਵਿਡ-19 ਦੇ ਮਾਮਲਿਆਂ ਨੂੰ ਧਿਆਨ ’ਚ ਰੱਖਦਿਆਂ 10ਵੀਂ ਅਤੇ 12ਵੀ ਜਮਾਤ ਦੀਆਂ ਸਾਲਾਨਾ ਪ੍ਰੀਖਿਆਵਾਂ ਇੱਕ ਮਹੀਨੇ ਲਈ ਅੱਗੇ ਪਾ ਦਿੱਤੀਆਂ ਹਨ। 10ਵੀਂ ਜਮਾਤ ਦੇ ਇਮਤਿਹਾਨ ਹੁਣ 9 ਅਪ੍ਰੈਲ ਦੀ ਥਾਂ ਚਾਰ ਮਈ ਤੋਂ ਸ਼ੁਰੂ ਹੋਣਗੇ ਤੇ 12ਵੀਂ ਜਮਾਤ ਦੇ ਇਮਤਿਹਾਨ 22 ਮਾਰਚ ਨੂੰ ਨਹੀਂ, ਸਗੋਂ 20 ਅਪ੍ਰੈਲ ਤੋਂ ਸ਼ੁਰੂ ਹੋਣਗੇ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin
https://apps.apple.com/in/app/abp-live-news/id811114904