ਅੰਮ੍ਰਿਤਸਰ: "ਕਾਂਗਰਸ ਦੇ ਸੂਬਾ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੂੰ "ਕੌਫੀ ਵਿਦ ਕੈਪਟਨ" ਤੋਂ ਬਾਅਦ ਹੁਣ "ਦਾਰੂ ਵਿਦ ਕੈਪਟਨ" ਪ੍ਰੋਗਰਾਮ ਵੀ ਕਰਨਾ ਚਾਹੀਦਾ ਹੈ।" ਇਹ ਕਹਿਣਾ ਹੈ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦਾ। ਉਨ੍ਹਾਂ ਕਿਹਾ ਕਿ ਦਾਰੂ ਨਾਲ ਸਾਰੇ ਕਾਂਗਰਸੀਆਂ ਦਾ ਬਹੁਤ ਜ਼ਿਆਦਾ ਪਿਆਰ ਹੈ। ਸੁਖਬੀਰ ਅੱਜ ਸਵੇਰੇ ਹਰਿਮੰਦਰ ਸਾਹਿਬ ਵਿਖੇ ਰੱਖੇ ਅਖੰਡ ਪਾਠ ਦੇ ਭੋਗ ਵਿੱਚ ਸ਼ਾਮਲ ਹੋਣ ਲਈ ਆਏ ਸਨ।

ਸੁਖਬੀਰ ਬਾਦਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕ ਮੁੜ ਅਕਾਲੀ ਦਲ ਦੀ ਸਰਕਾਰ ਬਣਾਉਣ ਜਾ ਰਹੇ ਹਨ। ਇਸ ਲਈ ਕਾਂਗਰਸ ਭਾਵੇਂ ਕੈਪਟਨ ਨੂੰ ਘੱਗਰਾ ਪਵਾ ਦੇਣ ਤੇ ਭਾਵੇਂ ਸੁਰਖੀ ਬਿੰਦੀ ਲਵਾ ਦੇਣ ਪਰ ਅਕਾਲੀ ਦਲ ਤੇ ਪੰਜਾਬ ਦੇ ਲੋਕਾਂ 'ਤੇ ਇਸ ਦਾ ਕੋਈ ਅਸਰ ਨਹੀਂ ਹੋਣ ਵਾਲਾ। ਕਾਂਗਰਸ ਵੱਲੋਂ ਚਲਾਈਆਂ ਗਈਆਂ ਪ੍ਰਚਾਰ ਬੱਸਾਂ 'ਤੇ ਵੀ ਸੁਖਬੀਰ ਨੇ ਚੁਟਕੀ ਲਈ ਕਿ ਕਾਂਗਰਸ ਭਾਵੇਂ ਬੱਸ ਛੱਡ ਕੇ ਟਰੱਕ ਵੀ ਕੱਢ ਲਾਵੇ ਤਾਂ ਵੀ ਕੁਝ ਨਹੀਂ ਹੋਵੇਗਾ।

ਕੇਜਰੀਵਾਲ ਵੱਲੋਂ ਆਪਣੀ ਪੰਜਾਬ ਫੇਰੀ ਦੌਰਾਨ ਡੇਰਾ ਬਿਆਸ ਜਾਣ ਬਾਰੇ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਕੇਜਰੀਵਾਲ ਵੀ ਭਾਵੇਂ ਜਿੱਥੇ ਮਰਜ਼ੀ ਚਲਾ ਜਾਵੇ, ਪੰਜਾਬ ਦੇ ਲੋਕ ਉਸ ਨੂੰ ਚੰਗੀ ਤਰ੍ਹਾਂ ਜਾਣ ਚੁੱਕੇ ਹਨ ਤੇ ਲੋਕ ਉਸ ਨੂੰ ਚੋਣਾਂ ਵਿੱਚ ਇਸ ਗੱਲ ਦਾ ਜਵਾਬ ਦੇ ਦੇਣਗੇ। ਪੰਜਾਬ ਵਿੱਚ ਬਣ ਰਹੇ ਚੌਥੇ ਫਰੰਟ ਬਾਰੇ ਉਨ੍ਹਾਂ ਕਿਹਾ ਕਿ ਹਾਲੇ ਤਾਂ ਕਈ ਹੋਰ ਫਰੰਟ ਬਣਨਗੇ।

ਫਰੰਟ ਜਿੰਨੇ ਮਰਜ਼ੀ ਬਣਦੇ ਰਹਿਣ ਪਾਰ ਸਰਕਾਰ ਅਕਾਲੀ ਦਲ ਦੀ ਹੀ ਬਣੇਗੀ। ਸੁਖਬੀਰ ਨੇ ਅੰਤ ਵਿੱਚ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੌਰਾਨ ਪੰਜਾਬ ਵਿੱਚ ਬਹੁਤ ਜ਼ਿਆਦਾ ਵਿਕਾਸ ਕੀਤਾ ਗਿਆ ਹੈ ਜੇਕਰ ਪ੍ਰਮਾਤਮਾ ਅਗਲੇ ਪੰਜ ਸਾਲ ਹੋਰ ਦੇ ਦੇਣ ਤਾਂ ਪੰਜਾਬ ਤੇ ਖਾਸ ਕਰਕੇ ਗੁਰੂ ਨਗਰੀ ਅੰਮ੍ਰਿਤਸਰ ਦੀ ਨੁਹਾਰ ਹੀ ਬਦਲ ਦਿੱਤੀ ਜਾਵੇਗੀ।