ਅੰਮ੍ਰਿਤਸਰ: ਪੰਜਾਬ ਕਾਂਗਰਸ ਦੇ ਪ੍ਰਧਾਨ ਪਾਕਿਸਤਾਨ ਨਾਲ ਜੰਗ ਦੇ ਹੱਕ ਵਿੱਚ ਨਹੀਂ। ਕੈਪਟਨ ਨੇ ਕਿਹਾ ਹੈ ਕਿ ਉਹ ਭਾਰਤ-ਪਾਕਿ ਜੰਗ ਦੇ ਹੱਕ ਵਿੱਚ ਨਹੀਂ ਕਿਉਂਕਿ ਜੇਕਰ ਜੰਗ ਲੱਗਦੀ ਹੈ ਤਾਂ ਸਭ ਤੋਂ ਵੱਧ ਨੁਕਸਾਨ ਪੰਜਾਬ ਦੇ ਲੋਕਾਂ ਦਾ ਹੋਵੇਗਾ। ਉਨ੍ਹਾਂ ਇਹ ਮੰਗ ਕੀਤੀ ਕਿ ਜੰਗ ਇਸ ਮਸਲੇ ਦਾ ਹਾਲ ਨਹੀਂ ਪਰ ਭਾਰਤ ਸਰਕਾਰ ਤੇ ਭਾਰਤੀ ਫੌਜ ਨੂੰ ਪਾਕਿਸਤਾਨ ਨੂੰ ਕਰਾਰਾ ਜਵਾਬ ਜ਼ਰੂਰ ਦੇਣਾ ਚਾਹੀਦਾ ਹੈ।
ਕੈਪਟਨ ਅਮਰਿੰਦਰ ਸਿੰਘ ਅੱਜ ਅਟਾਰੀ ਹਲਕੇ ਦੇ ਮਹਾਵਾ ਪਿੰਡ ਨੇੜੇ ਡਿਫੈਂਸ ਡਰੇਨ ਵਿੱਚ ਡਿੱਗੀ ਸਕੂਲ ਬੱਸ ਹਾਦਸੇ ਵਿੱਚ ਮਾਰੇ ਗਏ ਬੱਚਿਆਂ ਦੇ ਪਰਿਵਾਰਾਂ ਨਾਲ ਦੁਖ ਸਾਂਝਾ ਕਰਨ ਲਈ ਪਹੁੰਚੇ ਸਨ। ਉਨ੍ਹਾਂ ਪੀੜਤ ਪਰਿਵਾਰਾਂ ਨਾਲ ਦੁਖ ਸਾਂਝਾ ਕਾਰਨ ਤੋਂ ਬਾਅਦ ਕਿਹਾ ਕਿ ਸਰਹੱਦੀ ਇਲਾਕੇ ਦੇ ਪੁਲਾਂ ਦੀ ਹਾਲਤ ਬਹੁਤ ਖਸਤਾ ਹੈ। ਇਹ ਪੁਲ ਡਿਫੈਂਸ ਮਹਿਕਮੇ ਅਧੀਨ ਆਉਂਦੇ ਹਨ। ਉਹ ਜਲਦ ਹੀ ਆਰਮੀ ਕਮਾਂਡਰ ਨੂੰ ਚਿੱਠੀ ਲਿਖ ਕੇ ਮੰਗ ਕਰਨਗੇ ਕਿ ਇਨ੍ਹਾਂ ਸਾਰੇ ਪੁਲਾਂ ਦੀ ਜਲਦ ਹੀ ਮੁਰਮੰਤ ਕਰਕੇ ਇਨ੍ਹਾਂ ਨੂੰ ਦਰੁਸਤ ਕਰਵਾਉਣ।
ਕੈਪਟਨ ਨੇ ਸਕੂਲ ਬੱਸ ਹਾਦਸੇ ਦੇ ਮਾਮਲੇ ਦੀ ਜਾਂਚ ਕਰਕੇ ਇਸ ਮਾਮਲੇ ਵਿੱਚ ਸਾਰੇ ਦੋਸ਼ੀਆਂ ਨੂੰ ਸਖਤ ਸਜ਼ਾ ਦੇਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਜਿੱਥੇ ਗੱਡੀ ਦਾ ਡਰਾਈਵਰ ਜ਼ਿੰਮੇਵਾਰ ਹੈ, ਉੱਥੇ ਹੀ ਸਕੂਲ ਮੈਨੇਜਮੈਂਟ ਵੀ ਜਿੰਮੇਵਾਰ ਹੈ ਕਿਉਂਕਿ ਜੇਕਰ ਸਕੂਲ ਦੇ ਬੱਚਿਆਂ ਲਈ ਗੱਡੀਆਂ ਦੇਣ ਵਾਲਾ ਠੇਕੇਦਾਰ ਬੱਚਿਆਂ ਨੂੰ ਪੁਰਾਣੀਆਂ ਗੱਡੀਆਂ ਵਿੱਚ ਬੈਠਣ ਲਈ ਮਜਬੂਰ ਕਰਦਾ ਸੀ ਤਾਂ ਸਕੂਲ ਪ੍ਰਸ਼ਾਸਨ ਨੇ ਉਸ ਖਿਲਾਫ ਕਾਰਵਾਈ ਕਿਉਂ ਨਹੀਂ ਕੀਤੀ।