ਲੋਕ ਸਭਾ ਚੋਣਾਂ ਮਗਰੋਂ ਕੈਪਟਨ ਦੇ ਬਦਲੇ ਰੰਗ-ਢੰਗ, ਹੁਣ ਐਕਸ਼ਨ 'ਚ ਸਰਕਾਰ
ਏਬੀਪੀ ਸਾਂਝਾ | 09 Jul 2019 01:21 PM (IST)
ਲੋਕ ਸਭਾ ਚੋਣਾਂ ਦੌਰਾਨ ਦੇਸ਼ ਭਰ ਵਿੱਚ ਕਾਂਗਰਸ ਦੇ ਹੋਏ ਹਾਲ ਨੂੰ ਵੇਖਦਿਆਂ ਕੈਪਟਨ ਸਰਕਾਰ ਨੇ ਵੀ ਆਪਣੀ ਕਾਰਜਸ਼ੈਲੀ ਬਦਲ ਲਈ ਹੈ। ਲੋਕ ਸਭਾ ਚੋਣਾਂ ਮਗਰੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਰੰਗ-ਢੰਗ ਬਦਲੇ ਨਜ਼ਰ ਆ ਰਹੇ ਹਨ। ਸਭ ਤੋਂ ਪਹਿਲਾਂ ਉਨ੍ਹਾਂ ਨੇ ਮੰਤਰੀਆਂ ਦੇ ਵਿਭਾਗ ਬਦਲੇ। ਉਸ ਮਗਰੋਂ ਉਨ੍ਹਾਂ ਨੇ ਨਸ਼ਾ ਤਸਕਰੀ ਵਿੱਚ ਸ਼ਾਮਲ ਪੁਲਿਸ ਅਫਸਰਾਂ 'ਤੇ ਸ਼ਿਕੰਜ਼ਾ ਕੱਸਣ ਦੀ ਹਦਾਇਤ ਦਿੱਤੀ।
ਚੰਡੀਗੜ੍ਹ: ਲੋਕ ਸਭਾ ਚੋਣਾਂ ਦੌਰਾਨ ਦੇਸ਼ ਭਰ ਵਿੱਚ ਕਾਂਗਰਸ ਦੇ ਹੋਏ ਹਾਲ ਨੂੰ ਵੇਖਦਿਆਂ ਕੈਪਟਨ ਸਰਕਾਰ ਨੇ ਵੀ ਆਪਣੀ ਕਾਰਜਸ਼ੈਲੀ ਬਦਲ ਲਈ ਹੈ। ਲੋਕ ਸਭਾ ਚੋਣਾਂ ਮਗਰੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਰੰਗ-ਢੰਗ ਬਦਲੇ ਨਜ਼ਰ ਆ ਰਹੇ ਹਨ। ਸਭ ਤੋਂ ਪਹਿਲਾਂ ਉਨ੍ਹਾਂ ਨੇ ਮੰਤਰੀਆਂ ਦੇ ਵਿਭਾਗ ਬਦਲੇ। ਉਸ ਮਗਰੋਂ ਉਨ੍ਹਾਂ ਨੇ ਨਸ਼ਾ ਤਸਕਰੀ ਵਿੱਚ ਸ਼ਾਮਲ ਪੁਲਿਸ ਅਫਸਰਾਂ 'ਤੇ ਸ਼ਿਕੰਜ਼ਾ ਕੱਸਣ ਦੀ ਹਦਾਇਤ ਦਿੱਤੀ। ਕੈਪਟਨ ਪਿਛਲੇ ਸਮੇਂ ਤੋਂ ਲਗਾਤਾਰ ਅਫਸਰਾਂ ਨਾਲ ਮੀਟਿੰਗਾਂ ਕਰ ਰਹੇ ਹਨ। ਉਹ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਕੇਂਦਰੀ ਮੰਤਰੀਆਂ ਨੂੰ ਮਿਲੇ। ਕੈਪਟਨ ਸਰਕਾਰ ਨੇ ਹੁਣ ਸਭ ਤੋਂ ਅਹਿਮ ਫੈਸਲਾ ਸੂਬੇ ਦੀਆਂ ਖਾਲੀ ਆਸਾਮੀਆਂ ਭਰਨ ਦਾ ਲਿਆ ਹੈ। ਕੈਪਟਨ ਨੇ ਵੱਖ-ਵੱਖ ਵਿਭਾਗਾਂ ਵਿਚਲੀਆਂ ਫੌਰੀ ਆਧਾਰ ’ਤੇ ਭਰਨ ਵਾਲੀਆਂ ਅਤਿ ਲੋੜੀਂਦੀਆਂ ਅਸਾਮੀਆਂ ਦੀ 10 ਦਿਨਾਂ ਵਿੱਚ ਸ਼ਨਾਖਤ ਕਰਕੇ ਸੂਚੀਆਂ ਤਿਆਰ ਕਰਨ ਦੀ ਹਦਾਇਤ ਦਿੱਤੀ ਹੈ। ਇਸ ਤਹਿਤ 44 ਹਜ਼ਾਰ ਖਾਲੀ ਅਸਾਮੀਆਂ ਦੋ ਪੜਾਵਾਂ ’ਚ ਭਰੀਆਂ ਜਾਣਗੀਆਂ। ਇਸ ਤੋਂ ਇਲਾਵਾ ਕੈਪਟਨ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਲਈ ਵੀ ਰਣਨੀਤੀ ਘੜ ਰਹੇ ਹਨ। ਮੁਲਾਜ਼ਮਾਂ ਦੀਆਂ ਬਦਲੀਆਂ ਵਿੱਚ ਹੁੰਦੀ ਧਾਂਦਲੀ ਰੋਕਣ ਲਈ ਉਨ੍ਹਾਂ ਨੇ ਸਖਤ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਹਨ। ਕੈਪਟਨ ਨੇ ਸਿੱਖਿਆ ਵਿਭਾਗ ਦੀ ਤਰਜ਼ ’ਤੇ ਸਾਰੇ ਵਿਭਾਗਾਂ ਵਿਚਲੇ ਮੁਲਾਜ਼ਮਾਂ ਦੀ ਆਨਲਾਈਨ ਤਬਾਦਲਾ ਨੀਤੀ ਲਾਗੂ ਕਰਨ ਦੇ ਹੁਕਮ ਦਿੱਤੇ ਹਨ। ਇਸ ਨਾਲ ਰਿਸ਼ਵਤ ਦੇ ਕੇ ਤਬਾਦਲੇ ਕਰਾਉਣ ਦੇ ਰੁਝਾਨ ਨੂੰ ਠੱਲ ਪਏਗੀ। ਦਰਅਸਲ ਕਾਂਗਰਸ ਨੂੰ ਲੋਕ ਸਭਾ ਵਿੱਚ ਵੱਡਾ ਝਟਕਾ ਲੱਗਾ ਹੈ। ਬੇਸ਼ੱਕ ਪੰਜਾਬ ਵਿੱਚ ਅੱਠ ਸੀਟਾਂ ਜਿੱਤਣ ਵਿੱਚ ਕਾਮਯਾਬੀ ਮਿਲੀ ਪਰ ਚੋਣ ਪ੍ਰਚਾਰ ਵੇਲੇ ਲੋਕਾਂ ਦੇ ਰੋਹ ਨੇ ਕਾਂਗਰਸ ਦੀਆਂ ਅੱਖਾਂ ਖੋਲ੍ਹ ਦਿੱਤੀਆਂ। ਜਨਤਾ ਨੇ ਲੋਕ ਸਭਾ ਚੋਣਾਂ ਵੇਲੇ ਕਾਂਗਰਸ ਤੋਂ ਦੋ ਸਾਲ ਦਾ ਹਿਸਾਬ ਮੰਗਿਆ ਤਾਂ ਲੀਡਰਾਂ ਨੂੰ ਕੋਈ ਜਵਾਬ ਨਾ ਬਹੁੜਿਆ। ਇਸ ਮਗਰੋਂ ਹੀ ਕੈਪਟਨ ਸਰਕਾਰ ਨੇ ਆਪਣੀ ਕਾਰਜਸ਼ਾਲੀ ਬਦਲੀ ਹੈ।