ਬਠਿੰਡਾ: ਕੈਨੇਡਾ ਵਿੱਚ ਕਤਲ ਕੀਤੇ ਗਏ ਪੰਜਾਬੀ ਨੌਜਵਾਨ ਗੁਰਜੋਤ ਸਿੰਘ ਦੀ ਮਿਤ੍ਰਕ ਦੇਹ ਅੱਜ ਉਸ ਦੇ ਪਿੰਡ ਲਿਆਂਦੀ ਗਈ। ਪਰਿਵਾਰ ਨੇ ਅੱਜ ਗੁਰਜੋਤ ਦੀ ਮੌਤ ਦੇ 21 ਦਿਨਾਂ ਬਾਅਦ ਉਸ ਦਾ ਸਸਕਾਰ ਕੀਤਾ। ਪਿੰਡ ਵਾਸੀਆਂ ਮੰਗ ਕੀਤੀ ਹੈ ਕਿ ਗੁਰਜੋਤ ਦੇ ਕਾਤਲਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਈ ਜਾਏ। ਇਸਦੇ ਨਾਲ ਹੀ ਪ੍ਰਸ਼ਾਸਨ ਕੋਲੋਂ ਗੁਰਜੋਤ ਦੇ ਪਰਿਵਾਰ ਦੀ ਵੀ ਸਾਰ ਲੈਣ ਦੀ ਮੰਗ ਕੀਤੀ ਗਈ ਹੈ।

ਦੱਸ ਦੇਈਏ ਸਟੱਡੀ ਵੀਜ਼ਾ 'ਤੇ ਪੜ੍ਹਨ ਗਏ 20 ਸਾਲਾ ਗੁਰਜੋਤ ਸਿੰਘ ਦਾ 18 ਜੂਨ ਦੀ ਰਾਤ ਨੂੰ ਕਰੀਬ 10 ਵਜੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। 22 ਸਾਲਾ ਗੁਰਜੋਤ ਸਿੰਘ ਹਲਕਾ ਮੌੜ ਦੇ ਪਿੰਡ ਥੰਮਣਗੜ੍ਹ ਦਾ ਵਾਸੀ ਸੀ। ਕੈਨੇਡਾ ਦੇ ਬਰੈਂਪਟਨ ’ਚ ਉਸ ਦਾ ਕਤਲ ਹੋਇਆ।

ਪਿੰਡ ਵਾਸੀਆਂ ਨੇ ਨਮ ਅੱਖਾਂ ਨਾਲ ਗੁਰਜੋਤ ਸਿੰਘ ਨੂੰ ਅੰਤਿਮ ਵਿਦਾਇਗੀ ਦਿੱਤੀ। ਗੁਰਜੋਤ ਦੀ ਲਾਸ਼ ਉਸ ਦੀ ਮੌਤ ਤੋਂ 21 ਦਿਨਾਂ ਬਾਅਦ ਪਿੰਡ ਪੁੱਜੀ। ਉਸ ਦੇ ਪਿੰਡ ਵਾਲਿਆਂ ਇਸ ਸਬੰਧੀ ਪ੍ਰਸ਼ਾਸਨ ਖ਼ਿਲਾਫ਼ ਕਾਫੀ ਰੋਸ ਜ਼ਾਹਰ ਕੀਤਾ। ਗੁਰਜੋਤ ਦਾ ਪਿਛਲੇ ਮਹੀਨੇ ਦੀ 18 ਨੂੰ ਕੈਨੇਡਾ ਵਿੱਚ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਈ ਸੀ। ਉਸ ਦਿਨ ਤੋਂ ਲੈ ਕੇ ਅੱਜ ਤੱਕ ਪਰਿਵਾਰ ਗੁਰਜੋਤ ਦੀ ਲਾਸ਼ ਨੂੰ ਭਾਰਤ ਲਿਆਉਣ ਲਈ ਖੱਜਲ-ਖੁਆਰ ਹੋ ਰਿਹਾ ਸੀ।

ਜ਼ਿਕਰਯੋਗ ਹੈ ਕਿ 17 ਸਾਲ ਪਹਿਲਾਂ ਗੁਰਜੋਤ ਦੇ ਮਾਤਾ ਪਿਤਾ ਦੀ ਮੌਤ ਹੋ ਚੁੱਕੀ ਅਤੇ ਉਸਦਾ ਪਾਲਣ-ਪੋਸ਼ਣ ਉਸਦੇ ਚਾਚਾ ਜੀ ਤੇ ਦਾਦਾ ਜੀ ਵੱਲੋਂ ਕੀਤਾ ਗਿਆ। ਖੂਨ ਦਾ ਰਿਸ਼ਤਾ ਨਾ ਹੋਣ ਕਰਕੇ ਚਚੇਰੇ ਪਰਿਵਾਰ ਨੂੰ ਵੀਜ਼ਾ ਲੈਣ ਵਿੱਚ ਦੇਰੀ ਲੱਗ ਰਹੀ ਸੀ। ਗੁਰਜੋਤ ਨੂੰ ਵਾਪਸ ਲਿਆਉਣ ਦੇ ਲਈ ਉਸ ਦਾ ਬਲੱਡ ਰਿਲੇਸ਼ਨ ਹੋਣਾ ਜ਼ਰੂਰੀ ਸੀ। ਚਾਚਾ-ਚਾਚੀ ਅਤੇ ਦਾਦਾ-ਦਾਦੀ ਵੱਲੋਂ ਉਸ ਦਾ ਪਾਲਣ ਪੋਸ਼ਣ ਕੀਤਾ ਗਿਆ। ਪਿਛਲੇ ਸਾਲ ਉਸ ਨੇ ਕੈਨੇਡਾ ਵਿੱਚ ਪੜ੍ਹਾਈ ਸ਼ੁਰੂ ਕੀਤੀ ਸੀ ਪਰ ਕੁਝ ਅਣਪਛਾਤੇ ਲੋਕਾਂ ਨੇ ਉਸ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ।