ਅੰਮ੍ਰਿਤਸਰ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਰਾਜਾਸਾਂਸੀ ਵਿੱਚ ਡੇਰਾ ਨਿਰੰਕਾਰੀ 'ਤੇ ਹੋਏ ਹਮਲੇ ਨੂੰ ਤਿੰਨ ਦਹਾਕੇ ਪਹਿਲਾਂ 1978 ਵਿੱਚ ਨਿਰੰਕਾਰੀ ਕਾਂਡ ਨਾਲ ਜੋੜ ਕੇ ਨਾ ਵੇਖਿਆ ਜਾਏ। ਇਹ ਹਮਲਾ ਬਿਲਕੁੱਲ ਵੱਖਰਾ ਹੈ ਤੇ ਇੱਕ ਅੱਤਵਾਦੀ ਹਮਲਾ ਹੈ।
ਅੱਜ ਅੰਮ੍ਰਿਤਸਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੈਪਟਨ ਨੇ ਕਿਹਾ ਕਿ ਸਰਕਾਰ ਇਸ ਹਮਲੇ ਨੂੰ ਪੂਰਾ ਗੰਭੀਰਤਾ ਨਾਲ ਲੈ ਰਹੀ ਹੈ। ਉਨ੍ਹਾਂ ਨੇ ਇਹ ਵੀ ਆਖਿਆ ਕਿ ਪੰਜਾਬ ਪੁਲਿਸ ਪੂਰੀ ਤਰ੍ਹਾਂ ਸਮਰੱਥ ਹੈ। ਇਸ ਮਾਮਲੇ ਦੀ ਜਾਂਚ ਐਨਆਈਏ ਵੀ ਕਰ ਰਹੀ ਹੈ। ਫਿਲਹਾਲ ਇਸ ਮਾਮਲੇ ਵਿੱਚ ਕੁਝ ਜ਼ਿਆਦਾ ਕਹਿਣਾ ਬਹੁਤ ਜਲਦੀ ਹੋਵੇਗੀ ਕਿਉਂਕਿ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਮੁੱਖ ਮੰਤਰੀ ਨੇ ਸਕੈੱਚ ਜਾਰੀ ਹੋਣ ਦੀ ਗੱਲ ਨੂੰ ਨਕਾਰਦਿਆਂ ਕਿਹਾ ਕਿ ਉਨ੍ਹਾਂ ਦੇ ਮੂੰਹ ਢੱਕੇ ਹੋਏ ਸਨ। ਉਹ ਸਕੈੱਚ ਕਿਵੇਂ ਕੀਤੇ ਜਾ ਸਕਦੇ ਹਨ। ਇਸ ਤੋਂ ਪਹਿਲਾਂ ਕਈ ਚੈਨਲਾਂ 'ਤੇ ਸਕੈੱਚ ਜਾਰੀ ਹੋਣ ਦੀ ਗੱਲ ਚੱਲ ਰਹੀ ਸੀ ਜਿਸ ਨੂੰ ਮੁੱਖ ਮੰਤਰੀ ਨੇ ਸਿਰੇ ਤੋਂ ਖਾਰਜ ਕਰ ਦਿੱਤਾ।
ਮੁੱਖ ਮੰਤਰੀ ਨੇ ਕਿਹਾ ਕਿ ਸਾਰੇ ਡੇਰਿਆਂ ਦੀ ਸੁਰੱਖਿਆ ਵਧਾਈ ਜਾਵੇਗੀ। ਉਨ੍ਹਾਂ ਕਿਹਾ ਕਿ ਮ੍ਰਿਤਕਾਂ ਦੇ ਵਾਰਸਾਂ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ। ਮੁਆਵਜ਼ੇ ਦਾ ਪਹਿਲਾਂ ਹੀ ਐਲਾਨ ਕੀਤਾ ਹੈ। ਮੁੱਖ ਮੰਤਰੀ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਵਿੱਚ ਜ਼ਖ਼ਮੀਆਂ ਨੂੰ ਵੀ ਮਿਲੇ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਹਾਈ ਅਲਰਟ ਸੀ। ਹਰ ਪਾਸੇ ਨਾਕਾਬੰਦੀ ਸੀ ਪਰ ਹਰ ਗੱਡੀ ਦੀ ਜਾਂਚ ਕਰਨਾ ਸੰਭਵ ਨਹੀਂ। ਉਨ੍ਹਾਂ ਕਿਹਾ ਕਿ ਇਹ ਇੱਕ ਮਾੜੀ ਘਟਨਾ ਹੈ ਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਛੇਤੀ ਹੀ ਦੋਸ਼ੀਆਂ ਤੱਕ ਪੁੱਜਣ ਦੀ ਕੋਸ਼ਿਸ਼ ਕੀਤੀ ਜਾਵੇਗੀ।
ਨਿਰੰਕਾਰੀ ਮਿਸ਼ਨ ਦੇ ਉੱਤਰੀ ਭਾਰਤ ਦੀ ਮੁਖੀ ਜੋਗਿੰਦਰ ਕੌਰ ਵੀ ਮੁੱਖ ਮੰਤਰੀ ਨਾਲ ਗੁਰੂ ਨਾਨਕ ਹਸਪਤਾਲ ਵਿੱਚ ਪੁੱਜੀ। ਉਨ੍ਹਾਂ ਕਿਹਾ ਕਿ ਉਹ ਜਾਂਚ ਵਿੱਚ ਸਹਿਯੋਗ ਕਰਨਗੇ। ਕੈਪਟਨ ਨੇ ਆਮ ਵਿਧਾਇਕ ਹਰਵਿੰਦਰ ਸਿੰਘ ਫੂਲਕਾ ਦੇ ਸੈਨਾ ਮੁਖੀ ਵੱਲੋਂ ਹਮਲੇ ਕਰਵਾਉਣ ਦੇ ਬਿਆਨ 'ਤੇ ਕਿਹਾ ਕਿ ਫੂਲਕਾ ਅਨਸਟੇਬਲ ਹਨ।