ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲੱਗਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਸਿਆਸੀ ਸੂਝਬੂਝ ਨਹੀਂ ਹੈ। ਇਸ ਲਈ ਉਨ੍ਹਾਂ ਨੇ ਬੀਜੇਪੀ ਦੀ ਵਿਚਾਰਧਾਰਾ ਨੂੰ ਸਮਝਣ ਲਈ ਐਡੌਲਫ ਹਿਟਲਰ ਦੀ ਸਵੈ-ਜੀਵਨੀ ‘ਮਾਈਨ ਕੰਫ’ ਕਿਤਾਬ ਭੇਜੀ ਹੈ। ਹੁਣ ਵੇਖਣਾ ਹੋਏਗਾ ਕਿ ਸੁਖਬੀਰ ਬਾਦਲ ਇਸ ਕਿਤਾਬ ਨੂੰ ਪੜ੍ਹ ਕੇ ਕੀ ਜਵਾਬ ਦਿੰਦੇ ਹਨ।
ਦਰਅਸਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੀਏਏ ’ਤੇ ਲਏ ਸਟੈਂਡ ਦੀ ਆਲੋਚਨਾ ਕੀਤੀ ਸੀ। ਇਸ ਅਲੋਚਨਾ ਨੂੰ ਸੁਖਬੀਰ ਬਾਦਲ ਵੱਲੋਂ ‘ਸਿੱਖ ਵਿਰੋਧੀ’ ਕਰਾਰ ਦਿੱਤਾ ਗਿਆ ਸੀ। ਇਸ ਦੇ ਜਵਾਬ ਵਿੱਚ ਕੈਪਟਨ ਨੇ ਅਕਾਲੀ ਦਲ ਦੇ ਪ੍ਰਧਾਨ ਨੂੰ ਇਤਿਹਾਸ ਬਾਰੇ ਸਮਝ ਬਣਾਉਣ ਲਈ ਐਡੌਲਫ ਹਿਟਲਰ ਦੀ ਸਵੈ-ਜੀਵਨੀ ‘ਮਾਈਨ ਕੰਫ’ ਦੀ ਕਾਪੀ ਭੇਜੀ ਹੈ।
ਉਨ੍ਹਾਂ ਸੁਖਬੀਰ ਬਾਦਲ ਨੂੰ ਇਹ ਕਿਤਾਬ ਪੜ੍ਹਨ ਦੀ ਨਸੀਹਤ ਦਿੱਤੀ ਹੈ ਤਾਂ ਕਿ ਉਸ ਨੂੰ ਕੇਂਦਰ ਸਰਕਾਰ, ਜਿਸ ਵਿੱਚ ਅਕਾਲੀ ਵੀ ਭਾਈਵਾਲ ਹਨ, ਵੱਲੋਂ ਪਾਸ ਕੀਤੇ ਗੈਰ-ਸੰਵਿਧਾਨਕ ਕਾਨੂੰਨ ਦੇ ਖ਼ਤਰਨਾਕ ਸਿੱਟਿਆਂ ਬਾਰੇ ਸਮਝ ਆ ਸਕੇ। ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਵਿੱਚ ਹਿਟਲਰ ਦੇ ਏਜੰਡੇ ਨੂੰ ਲਾਗੂ ਕਰਨ ਲਈ ਕੇਂਦਰ ਦੀਆਂ ਤਾਜ਼ਾ ਕੋਸ਼ਿਸ਼ਾਂ ਦੇ ਸੰਦਰਭ ਵਿੱਚ ਇਹ ਹੋਰ ਵੀ ਮਹੱਤਵਪੂਰਨ ਹੋ ਜਾਂਦਾ ਹੈ ਕਿ ਅਕਾਲੀ ਆਗੂ ਸੀਏਏ ਬਾਰੇ ਆਪਣਾ ਬੇਤੁਕਾ ਪ੍ਰਤੀਕਰਮ ਦੇਣ ਤੋਂ ਪਹਿਲਾਂ ਜਰਮਨੀ ਦੇ ਸਾਬਕਾ ਚਾਂਸਲਰ ਦੀ ਸਵੈ-ਜੀਵਨੀ ਪੜ੍ਹਨ।
ਮੁੱਖ ਮੰਤਰੀ ਨੇ ਸੁਖਬੀਰ ਨੂੰ ਆਖਿਆ ਕਿ ਉਹ ਇਹ ਕਿਤਾਬ ਪੜ੍ਹਨ ਤੇ ਉਸ ਤੋਂ ਬਾਅਦ ਫੈਸਲਾ ਕਰਨ ਕਿ ‘ਮੁਲਕ ਪਹਿਲਾਂ ਹੈ ਜਾਂ ਸਿਆਸੀ ਸਰੋਕਾਰ।’ ਸੁਖਬੀਰ ਬਾਦਲ ਨੂੰ ਕਿਤਾਬ ਨਾਲ ਭੇਜੀ ਚਿੱਠੀ ਵਿੱਚ ਕੈਪਟਨ ਨੇ ਕਿਹਾ,‘‘ਸੰਸਦ ਦੇ ਦੋਵਾਂ ਸਦਨਾਂ ਤੇ ਵਿਧਾਨ ਸਭਾ ਵਿੱਚ ਇਸ ਬਿੱਲ ਦੇ ਹੱਕ ਵਿੱਚ ਭੁਗਤਣਾ ਤੇ ਬਾਕੀ ਪਲੇਟਫਾਰਮਾਂ ’ਤੇ ਇਸ ਦੀ ਮੁਖਾਲਫ਼ਤ ਕਰਨੀ ਇਕ ਸਿਆਸੀ ਲੀਡਰ ਦੇ ਅਣਜਾਣਪੁਣੇ ਨੂੰ ਦਰਸਾਉਂਦਾ ਹੈ।’’
ਕੈਪਟਨ ਅਮਰਿੰਦਰ ਸਿੰਘ ਨੇ ਸੁਖਬੀਰ ਨੂੰ ਲਿਖੇ ਪੱਤਰ ਵਿੱਚ ਕਿਹਾ,‘‘ਕਿਤਾਬ ਪੜ੍ਹੋ ਜਿਵੇਂ ਕਿ ਹਰ ਕੋਈ ਇਤਿਹਾਸ ਤੋਂ ਸਿੱਖਦਾ ਹੈ। ਮੇਰੀ ਕੁਰਸੀ ਤਾਂ ਪੂਰੀ ਤਰ੍ਹਾਂ ਸੁਰੱਖਿਅਤ ਹੈ ਪਰ ਅਜਿਹਾ ਜਾਪਦਾ ਹੈ ਕਿ ਸੁਖਬੀਰ ਬਾਦਲ ਨੂੰ ਆਪਣੀ ਪਤਨੀ ਦੀ ਕੇਂਦਰੀ ਮੰਡਲ ਮੰਡਲ ਵਿੱਚ ਮਿਲੀ ਕੁਰਸੀ ਦਾ ਫਿਕਰ ਸਤਾ ਰਿਹਾ ਹੈ।’’
ਮੁੱਖ ਮੰਤਰੀ ਨੇ ਕਿਹਾ, ‘‘ਮੈਂ ਹਮੇਸ਼ਾਂ ਹੀ ਸਿੱਖਾਂ ਦੇ ਹਿੱਤਾਂ ਤੇ ਅਧਿਕਾਰਾਂ ਲਈ ਨਿੱਜੀ ਤੌਰ ’ਤੇ ਖੜ੍ਹਾ ਹਾਂ ਅਤੇ ਕਿਸੇ ਵੀ ਮੌਕੇ ’ਤੇ ਉਨ੍ਹਾਂ ਨੇ ਸਿੱਖਾਂ ਨੂੰ ਇਸ ਕਾਨੂੰਨ ਦੇ ਦਾਇਰੇ ਤੋਂ ਬਾਹਰ ਰੱਖਣ ਦੀ ਗੱਲ ਨਹੀਂ ਕੀਤੀ। ਉਨ੍ਹਾਂ ਨੇ ਅਕਾਲੀ ਦਲ ਦੇ ਪ੍ਰਧਾਨ ਨੂੰ ਲੋਕਾਂ ਨੂੰ ਗੁਮਰਾਹ ਕਰਨ ਲਈ ਅਜਿਹੇ ਮਨਘੜਤ ਝੂਠ ਬੋਲਣੇ ਬੰਦ ਕਰਨ ਲਈ ਆਖਿਆ। ਉਨ੍ਹਾਂ ਕਿਹਾ,‘‘ਪਹਿਲਾਂ ਤਾਂ ਅਕਾਲੀਆਂ ਨੇ ਸੰਸਦ ਵਿੱਚ ਖੁੱਲ੍ਹੇ ਦਿਲ ਨਾਲ ਸੀਏਏ ਦੇ ਹੱਕ ਵਿੱਚ ਮੇਜ਼ ਥਪਥਪਾਏ, ਬਾਅਦ ਵਿੱਚ ਕੁਝ ਅਕਾਲੀ ਲੀਡਰ ਕਹਿਣ ਲੱਗੇ ਕਿ ਉਹ ਮੁਸਲਮਾਨਾਂ ਨੂੰ ਸੀਏਏ ਵਿੱਚ ਸ਼ਾਮਲ ਕਰਨਾ ਚਾਹੁੰਦੇ ਹਨ ਜਦਕਿ ਇਨ੍ਹਾਂ ਨੇ ਸੰਸਦ ਵਿੱਚ ਇਹ ਕਿਉਂ ਨਹੀਂ ਆਖਿਆ।’’
ਇਸ ਤੋਂ ਬਾਅਦ ਇਨ੍ਹਾਂ ਦੇ ਲੀਡਰਾਂ ਨੇ ਕਿਹਾ ਕਿ ਉਹ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਨਹੀਂ ਲੜਨਗੇ, ਕਿਉਂਕਿ ਉਹ ਸੀਏਏ ਬਾਰੇ ਆਪਣੇ ਸਟੈਂਡ ’ਤੇ ਮੁੜ ਗੌਰ ਕਰਨ ਲਈ ਤਿਆਰ ਨਹੀਂ ਹਨ ਜਦਕਿ ਕਿਸੇ ਨੂੰ ਇਹ ਨਹੀਂ ਪਤਾ ਕਿ ਅਕਾਲੀਆਂ ਦਾ ਅਸਲ ਵਿੱਚ ਸੀਏਏ ’ਤੇ ਸਟੈਂਡ ਕੀ ਹੈ।’’ ਉਨ੍ਹਾਂ ਸੁਖਬੀਰ ਬਾਦਲ ਨੂੰ ਇਸ ਵਿਵਾਦਤ ਮੁੱਦੇ ’ਤੇ ਸਪੱਸ਼ਟ ਸਟੈਂਡ ਲੈਣ ਲਈ ਆਖਿਆ।
ਮੋਦੀ ਦੇ ਝਟਕੇ ਮਗਰੋਂ ਹੁਣ ਕੈਪਟਨ ਸਿਖਾਉਣਗੇ ਸੁਖਬੀਰ ਬਾਦਲ ਨੂੰ ਸਿਆਸਤ! ਸੂਝਬੂਝ ਵਧਾਉਣ ਲਈ ਭੇਜੀ ਕਿਤਾਬ
ਏਬੀਪੀ ਸਾਂਝਾ
Updated at:
23 Jan 2020 04:41 PM (IST)
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲੱਗਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਸਿਆਸੀ ਸੂਝਬੂਝ ਨਹੀਂ ਹੈ। ਇਸ ਲਈ ਉਨ੍ਹਾਂ ਨੇ ਬੀਜੇਪੀ ਦੀ ਵਿਚਾਰਧਾਰਾ ਨੂੰ ਸਮਝਣ ਲਈ ਐਡੌਲਫ ਹਿਟਲਰ ਦੀ ਸਵੈ-ਜੀਵਨੀ ‘ਮਾਈਨ ਕੰਫ’ ਕਿਤਾਬ ਭੇਜੀ ਹੈ। ਹੁਣ ਵੇਖਣਾ ਹੋਏਗਾ ਕਿ ਸੁਖਬੀਰ ਬਾਦਲ ਇਸ ਕਿਤਾਬ ਨੂੰ ਪੜ੍ਹ ਕੇ ਕੀ ਜਵਾਬ ਦਿੰਦੇ ਹਨ।
- - - - - - - - - Advertisement - - - - - - - - -