ਸੰਗਰੂਰ: ਪੰਜਾਬ 'ਚ ਗੁੰਡਾਰਾਜ ਹੈ ਤੇ ਦੋ ਵਾਰ ਪਾਕਿਸਤਾਨ ਦੇ ਅੱਤਵਾਦੀ ਘੁਸਪੈਠ ਕਰ ਚੁੱਕੇ ਹਨ। ਇਸ ਲਈ ਪੰਜਾਬ ਵਿਧਾਨ ਸਭਾ ਚੋਣਾਂ 'ਚ ਸਿਰਫ਼ ਜ਼ਿਆਦਾ ਸੁਰੱਖਿਆ ਫੋਰਸ ਦੀ ਨਹੀਂ ਬਲਕਿ ਸੈਂਟਰਲ ਫੋਰਸ ਦੀ ਤਾਇਨਾਤੀ ਦੀ ਜ਼ਰੂਰਤ ਹੈ। ਇਹ ਗੱਲ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਹੀ ਹੈ।

 

 

ਉਨ੍ਹਾਂ ਕਿਹਾ ਕਿ ਪੰਜਾਬ ਇਸ ਮੌਕੇ ਬਹੁਤ ਬੁਰੇ ਹਾਲਾਤ 'ਚੋਂ ਗੁਜ਼ਰ ਰਿਹਾ ਹੈ ਤੇ ਲੋਕਾਂ ਨੂੰ ਸ਼ਰੇਆਮ ਮਾਰਿਆ ਜਾ ਰਿਹਾ ਹੈ। ਧਰਮ ਗੁਰੂਆਂ 'ਤੇ ਹਮਲੇ ਹੋ ਰਹੇ ਹਨ ਤੇ ਕਿਸੇ ਦੀ ਸਾਰ ਲੈਣ ਵਾਲਾ ਕੋਈ ਨਹੀਂ। ਉਨ੍ਹਾਂ ਕਿਹਾ ਕਿ ਪੰਜਾਬ 'ਚ ਨਸ਼ੇ ਦੇ ਨਾਲ-ਨਾਲ ਗੈਂਗਸਟਰ ਕਲਚਰ ਵੀ ਵਧ ਰਿਹਾ ਹੈ ਤੇ ਇਹ ਆਪਸ 'ਚ ਜੁੜੇ ਹੋਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋਵੇਂ ਧੰਦਿਆਂ ਨੂੰ ਸੱਤਾ ਧਿਰ ਦੀ ਸ਼ਹਿ ਪ੍ਰਾਪਤ ਹੈ।

 

 

ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਨੇ ਸੰਪਰਕ ਨਹੀਂ ਕੀਤਾ ਪਰ ਜੇ ਉਹ ਪਾਰਟੀ 'ਚ ਆਉਣਾ ਚਾਹੁੰਦੇ ਹਨ ਤਾਂ ਅਸੀਂ ਉਨ੍ਹਾਂ ਨੂੰ ਜੀ ਆਇਆਂ ਕਹਾਂਗੇ। ਉਨ੍ਹਾਂ ਕਿਹਾ ਕਿ ਬਾਦਲ ਦੇ ਸੰਗਤਾਂ ਦਰਸ਼ਨਾਂ ਨੂੰ ਸੰਗਤ ਦਰਸ਼ਨ ਨਹੀਂ ਕਿਹਾ ਜਾ ਸਕਦਾ ਕਿਉਂਕਿ ਉਹ ਲੋਕਾਂ ਤੋਂ ਦੂਰ ਰਹਿੰਦੇ ਹਨ ਜਦੋਂ ਕਿ ਕਾਂਗਰਸ ਪਾਰਟੀ ਸਿੱਧਾ ਲੋਕਾਂ ਨਾਲ ਸੰਪਰਕ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਕਈ ਲੀਡਰ ਕਾਂਗਰਸ 'ਚ ਆਉਣਾ ਚਾਹੁੰਦੇ ਹਨ ਪਰ ਉਹ ਅਜੇ ਉਨ੍ਹਾਂ ਨੇ ਨਾਂ ਨਹੀਂ ਦੱਸਣਗੇ।