ਬਾਜਵਾ ਨੇ ਵੱਡਾ ਸਵਾਲ ਚੁੱਕਦਿਆਂ ਕਿਹਾ ਕਿ ਪੰਜਾਬ ਅੰਦਰ ਬਗੈਰ ਟੈਕਸ ਸ਼ਰਾਬ ਕਿਵੇਂ ਵਿਕ ਰਹੀ ਹੈ। ਸ਼ਰਾਬ ਮਾਫੀਆ ਖਿਲਾਫ ਕਾਰਵਾਈ ਕਿਉਂ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਕੈਪਟਨ ਚੋਣਾਂ ਦੌਰਾਨ ਕੀਤੇ ਵਾਅਦੇ ਕਿਉਂ ਭੁੱਲ ਗਏ ਹਨ। ਇਹ ਸਾਰੇ ਸਵਾਲ ਜਨਤਾ ਕਰ ਰਹੀ ਹੈ। ਕੈਪਟਨ ਤਾਂ ਪੰਜ ਮਹੀਨੇ ਘਰੋਂ ਹੀ ਨਹੀਂ ਨਿਕਲੇ।
ਉਨ੍ਹਾਂ ਕਿਹਾ ਕਿ ਕੈਪਟਨ ਦੇ ਬੀਜੇਪੀ ਨਾਲ ਰਿਸ਼ਤੇ ਹਨ। ਕੈਪਟਨ ਕਿਸੇ ਵੇਲੇ ਪਾਰਟੀ ਤੋੜਨ ਵਿੱਚ ਲੱਗੇ ਹੋਏ ਸੀ। ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਸੁਨੀਲ ਜਾਖੜ ਕੋਲ ਜਵਾਬ ਦੇਣ ਦੀ ਹਿੰਮਤ ਨਹੀਂ। ਉਹ ਕੈਪਟਨ ਦੀ ਭਾਸ਼ਾ ਹੀ ਬੋਲ ਰਹੇ ਹਨ। ਦੱਸ ਦਈਏ ਕਿ ਬਾਜਵਾ ਕਹਿ ਰਹੇ ਹਨ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਤੁਰੰਤ ਪਾਰਟੀ ’ਚੋਂ ਕੱਢਿਆ ਜਾਣਾ ਚਾਹੀਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇ ਦੋਵਾਂ ਆਗੂਆਂ ਨੂੰ ਪਾਰਟੀ ’ਚੋਂ ਨਾ ਕੱਢਿਆ ਗਿਆ, ਤਾਂ ਪੰਜਾਬ ਵਿੱਚੋਂ ਕਾਂਗਰਸ ਦਾ ਖ਼ਾਤਮਾ ਹੋ ਜਾਵੇਗਾ।
ਦਰਅਸਲ ਪੰਜਾਬ ਦੀ ਕਾਂਗਰਸ ਸਰਕਾਰ ਨੇ ਪਾਰਟੀ ਦੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਦੀ ਪੁਲਿਸ ਸੁਰੱਖਿਆ ਵਾਪਸ ਲੈਣ ਦਾ ਫ਼ੈਸਲਾ ਲਿਆ ਹੈ। ਸਰਕਾਰ ਦਾ ਦਾਅਵਾ ਹੈ ਕਿ ਇਹ ਫ਼ੈਸਲਾ ਪਹਿਲਾਂ ਤੋਂ ਹੀ ਸਿੱਧੇ ਤੌਰ ’ਤੇ ਕੇਂਦਰੀ ਸੁਰੱਖਿਆ ਲੈ ਰਹੇ ਬਾਜਵਾ ਨੂੰ ਕਿਸੇ ਕਿਸਮ ਦਾ ਕੋਈ ਖ਼ਤਰਾ ਨਾ ਹੋਣ ਦੇ ਮੱਦੇਨਜ਼ਰ ਲਿਆ ਗਿਆ ਹੈ। ਬਾਜਵਾ ਵੱਲੋਂ ਪਿਛਲੇ ਕੁਝ ਦਿਨਾਂ ਤੋਂ ਕੈਪਟਨ ਤੇ ਸੁਨੀਲ ਜਾਖੜ ਖ਼ਿਲਾਫ਼ ਤਿੱਖੀਆਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ, ਜਿਸ ਤੋਂ ਕਾਂਗਰਸ ਦਾ ਅੰਦਰੂਨੀ ਸੰਕਟ ਡੂੰਘਾ ਹੁੰਦਾ ਦਿਖਾਈ ਦੇ ਰਿਹਾ ਹੈ।
ਕਾਂਗਰਸ ਦੇ ਦੋ ਰਾਜ ਸਭਾ ਮੈਂਬਰਾਂ ਪ੍ਰਤਾਪ ਸਿੰਘ ਬਾਜਵਾ ਤੇ ਸ਼ਮਸ਼ੇਰ ਸਿੰਘ ਦੂਲੋ ਨੇ ਸੂਬੇ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਨੂੰ ਮੰਗ ਪੱਤਰ ਦੇ ਕੇ ‘ਸ਼ਰਾਬ ਤਰਾਸਦੀ’ ਦੀ ਸੀਬੀਆਈ ਤੇ ਈਡੀ ਤੋਂ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ ਸੀ। ਰਾਜ ਸਭਾ ਮੈਂਬਰਾਂ ਦੀ ਇਸ ਕਾਰਵਾਈ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਬਾਜਵਾ ਦੀ ਸੁਰੱਖਿਆ ਅਚਨਚੇਤ ਵਾਪਸ ਲੈਣ ਨੂੰ ਉਕਤ ਗਤੀਵਿਧੀਆਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।
ਇਹ ਵੀ ਅਹਿਮ ਹੈ ਕਿ ਗ੍ਰਹਿ ਮੰਤਰਾਲੇ ਵੱਲੋਂ 19 ਮਾਰਚ ਨੂੰ ਬਾਜਵਾ ਨੂੰ ਜ਼ੈੱਡ ਸ਼੍ਰੇਣੀ ਦੀ ਸੁਰੱਖਿਆ ਦਿੱਤੀ ਗਈ ਸੀ ਤੇ ਅੱਜ ਤੱਕ ਉਨ੍ਹਾਂ ਕੋਲ ਨਿੱਜੀ ਸੁਰੱਖਿਆ, ਘਰ ਦੀ ਸੁਰੱਖਿਆ ਤੇ ਐਸਕਾਰਟ ਲਈ ਸੀਆਈਐਸਐਫ ਦੇ 25 ਜਵਾਨਾਂ ਸਮੇਤ ਦੋ ਐਸਕਾਰਟ ਡਰਾਈਵਰ ਮੌਜੂਦ ਹਨ। 23 ਮਾਰਚ ਤੱਕ ਉਨ੍ਹਾਂ ਕੋਲ 14 ਪੰਜਾਬ ਪੁਲਿਸ ਦੇ ਕਰਮਚਾਰੀ ਵੀ ਤਾਇਨਾਤ ਸਨ ਪਰ ਉਨ੍ਹਾਂ ਵਿੱਚੋਂ ਕੁਝ ਨੂੰ ਕੋਵਿਡ ਡਿਊਟੀ ਦੇ ਮੱਦੇਨਜ਼ਰ ਵਾਪਸ ਬੁਲਾ ਲਿਆ ਗਿਆ। ਇਸ ਸਮੇਂ ਬਾਜਵਾ ਕੋਲ ਪੰਜਾਬ ਪੁਲਿਸ ਦੇ ਛੇ ਕਰਮਚਾਰੀ ਹਨ ਤੇ ਡਰਾਈਵਰ ਸਮੇਤ ਇੱਕ ਐਸਕਾਰਟ ਹੈ, ਜਿਸ ਨੂੰ ਹੁਣ ਵਾਪਸ ਲਿਆ ਜਾ ਰਿਹਾ ਹੈ।