ਰਾਹੁਲ ਦੇ ਦਰਬਾਰ 'ਚ ਪਹੁੰਚੇ ਕੈਪਟਨ, ਪੰਜਾਬ ਬਾਰੇ ਹੋਏਗੀ ਵਿਚਾਰ
ਏਬੀਪੀ ਸਾਂਝਾ | 15 Nov 2018 01:35 PM (IST)
ਚੰਡੀਗੜ੍ਹ: ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪੰਜਾਬ ਬਾਰੇ ਵਿਚਾਰਾਂ ਕਰਨ ਲਈ ਲੀਡਰ ਦਿੱਲੀ ਬੁਲਾਏ ਹਨ। ਸੂਤਰਾਂ ਮੁਤਾਬਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਤੋਂ ਇਲਾਵਾ ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਤੇ ਸਹਾਇਕ ਇੰਚਾਰਜ ਹਰੀਸ਼ ਚੌਧਰੀ ਇਸ ਮੀਟਿੰਗ ਵਿੱਚ ਸ਼ਾਮਲ ਹੋਣਗੇ। ਇਸ ਮੀਟਿੰਗ ਵਿੱਚ ਪੰਜਾਬ ਦੇ ਮੌਜੂਦਾ ਹਾਲਾਤ ਬਾਰੇ ਵਿਚਾਰ ਤੋਂ ਇਲਾਵਾ ਕਰੀਬ 10 ਕਾਂਗਰਸੀ ਵਿਧਾਇਕਾਂ ਨੂੰ ਬੋਰਡਾਂ ਤੇ ਨਿਗਮਾਂ ਦੀਆਂ ਚੇਅਰਮੈਨੀਆਂ ਦੇਣ ਬਾਰੇ ਫੈਸਲਾ ਹੋ ਸਕਦਾ ਹੈ। ਪੰਜਾਬ ਦੇ ਰਾਜਪਾਲ ਨੇ ਪਿਛਲੇ ਦਿਨੀਂ ਵਿਧਾਇਕਾਂ ਨੂੰ ਬੋਰਡਾਂ ਤੇ ਨਿਗਮਾਂ ਦੇ ਚੇਅਰਮੈਨ ਲਾਉਣ ਲਈ ਸੋਧ ਬਿਲ ’ਤੇ ਮੋਹਰ ਲਾ ਦਿੱਤੀ ਸੀ, ਜਿਸ ਨਾਲ ਵਿਧਾਇਕਾਂ ਨੂੰ ਚੇਅਰਮੈਨ ਲਾਉਣ ਦਾ ਰਾਹ ਪੱਧਰਾ ਹੋ ਗਿਆ ਹੈ। ਚੇਅਰਮੈਨ ਬਨਣ ਦੀ ਦੌੜ ’ਚ ਸ਼ਾਮਲ ਵਿਧਾਇਕਾਂ ਵਿੱਚ ਹਾਲ ਦੀ ਘੜੀ ਅਜਨਾਲਾ ਤੋਂ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ, ਅੰਮ੍ਰਿਤਸਰ ਪੱਛਮੀ ਤੋਂ ਰਾਜ ਕੁਮਾਰ ਵੇਰਕਾ, ਬਾਘਾਪੁਰਾਣਾ ਤੋਂ ਦਰਸ਼ਨ ਸਿੰਘ ਬਰਾੜ, ਉੜਮੁੜ ਤੋਂ ਸੰਗਤ ਸਿੰਘ ਗਿਲਜੀਆ, ਅਮਰਗੜ੍ਹ ਤੋਂ ਸੁਰਜੀਤ ਸਿੰਘ ਧੀਮਾਨ ਸ਼ਾਮਲ ਹਨ। ਸੂਤਰਾਂ ਮੁਤਾਬਕ ਮੁੱਖ ਮੰਤਰੀ ਨੇ ਇਸ ਤੋਂ ਪਹਿਲਾਂ ਵੀ ਕਾਂਗਰਸ ਪ੍ਰਧਾਨ ਨਾਲ ਸੂਬੇ ਦੇ ਕੁਝ ਮਸਲਿਆਂ ਬਾਰੇ ਵਿਚਾਰ ਕਰਨੀ ਸੀ, ਪਰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਚੋਣ ਰੁਝੇਵਿਆਂ ਕਾਰਨ ਮੀਟਿੰਗ ਨਹੀਂ ਸੀ ਹੋ ਸਕੀ। ਮੀਟਿੰਗ ਨਾ ਹੋਣ ਕਰਕੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਥੇਬੰਦਕ ਢਾਂਚੇ ਵਿੱਚ ਤਬਦੀਲੀਆਂ ਕੀਤੇ ਜਾਣ ਦਾ ਮਾਮਲਾ ਲਟਕਦਾ ਆ ਰਿਹਾ ਹੈ। ਇਸ ਮੀਟਿੰਗ ਵਿਚ ਜ਼ਿਲ੍ਹਾ ਪ੍ਰਧਾਨ ਲਾਉਣ ਤੇ ਜਥੇਬੰਦਕ ਢਾਂਚੇ ਵਿੱਚ ਹੋਰ ਤਬਦੀਲੀਆਂ ਕਰਨ ਬਾਰੇ ਵੀ ਚਰਚਾ ਹੋਣ ਦੀ ਸੰਭਾਵਨਾ ਹੈ।